ਪੱਤਰ ਪ੍ਰੇਰਕ
ਦੇਵੀਗੜ੍ਹ, 6 ਜੁਲਾਈ
ਐੱਸਡੀਐੱਮ ਦੂਧਨਸਾਧਾਂ ਮਨਜੀਤ ਕੌਰ ਨੇ ਬਰਸਾਤਾਂ ਦੇ ਮੌਸਮ ਦੌਰਾਨ ਹੜ੍ਹਾਂ ਦੀ ਸਥਿਤੀ ਨਾਲ ਨਜਿੱਠਣ ਲਈ ਸਮੂਹ ਵਿਭਾਗਾਂ ਦੇ ਅਧਿਕਾਰੀਆਂ ਨਾਲ ਬੈਠਕ ਕਰਦਿਆਂ ਕਿਹਾ ਕਿ ਸਬੰਧਤ ਵਿਭਾਗ ਮੌਨਸੂਨ ਸੀਜ਼ਨ ਦੌਰਾਨ ਤਿਆਰ ਕੀਤੇ ਕਮਿਊਨੀਕੇਸ਼ਨ ਪਲਾਨ ਅਨੁਸਾਰ ਕੰਮ ਕਰਨ ਅਤੇ ਸਾਰੇ ਵਿਭਾਗ ਆਪਸ ਵਿੱਚ ਤਾਲਮੇਲ ਰੱਖਣ। ਉਨ੍ਹਾਂ ਕਿਹਾ ਕਿ ਕਮਿਊਨੀਕੇਸ਼ਨ ਪਲਾਨ ਅਨੁਸਾਰ ਹੀ ਵਿਭਾਗ ਸਟਾਫ਼ ਦੀਆਂ ਡਿਊਟੀਆਂ ਲਗਾਉਣ ਅਤੇ ਜੇ ਕਿਸੇ ਵੱਲੋਂ ਯੋਜਨਾ ਅਨੁਸਾਰ ਕੰਮ ਨਾ ਕੀਤਾ ਗਿਆ ਤਾਂ ਇਸ ਦੀ ਜ਼ਿੰਮੇਵਾਰੀ ਸਬੰਧਤ ਮੁਖੀ ਦੀ ਹੋਵੇਗੀ। ਉਨ੍ਹਾਂ ਬਿਜਲੀ ਬੋਰਡ ਦੇ ਅਧਿਕਾਰੀਆਂ ਨੂੰ ਬਿਜਲੀ ਦੀਆਂ ਢਿੱਲੀਆਂ ਤਾਰਾਂ ਨੂੰ ਕੱਸਣ ਦੀ ਹਦਾਇਤ ਕੀਤੀ। ਉਨ੍ਹਾਂ ਬਰਸਾਤ ਦੇ ਮੌਸਮ ਵਿੱਚ ਪਸ਼ੂਆਂ ਲਈ ਹਰੇ ਚਾਰੇ ਦੇ ਪ੍ਰਬੰਧ ਲਈ ਖੇਤੀਬਾੜੀ ਵਿਭਾਗ ਨੂੰ ਲੋੜੀਂਦੇ ਪ੍ਰਬੰਧ ਕਰਨ ਲਈ ਕਿਹਾ। ਸਿਵਲ ਸਰਜਨ ਦਫ਼ਤਰ ਨੂੰ ਬਰਸਾਤਾਂ ਦੇ ਮੌਸਮ ਦੌਰਾਨ ਮੈਡੀਕਲ ਟੀਮਾਂ ਨੂੰ ਤਿਆਰ ਰੱਖਣ ਦੀ ਹਦਾਇਤ ਕਰਦਿਆਂ ਦਵਾਈਆਂ ਦਾ ਪੂਰਾ ਸਟਾਕ ਰੱਖਣ ਲਈ ਕਿਹਾ। ਇਸ ਮੌਕੇ ਸਮੂਹ ਵਿਭਾਗਾਂ ਦੇ ਅਧਿਕਾਰੀ ਮੌਜੂਦ ਸਨ।