ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 6 ਜੁਲਾਈ
ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਬਰਤਾਨੀਆ ਦੀਆਂ ਆਮ ਚੋਣਾਂ ਵਿੱਚ ਜਿੱਤ ਦਰਜ ਕਰਨ ਵਾਲੇ 10 ਪੰਜਾਬੀਆਂ ਨੂੰ ਵਧਾਈ ਦਿੱਤੀ ਹੈ। ਉਨ੍ਹਾਂ ਕਿਹਾ ਕਿ ਇਸ ਜਿੱਤ ਨਾਲ ਹਾਊਸ ਆਫ ਕਾਮਨਜ਼ ਵਿੱਚ ਸਿੱਖਾਂ ਅਤੇ ਪੰਜਾਬੀਆਂ ਦੀ ਆਵਾਜ਼ ਬੁਲੰਦ ਹੋਵੇਗੀ। ਸੰਧਵਾਂ ਨੇ ਕਿਹਾ ਕਿ ਬੀਤੇ ਦਿਨ ਆਏ ਨਤੀਜਿਆਂ ਵਿੱਚ ਲੇਬਰ ਪਾਰਟੀ ਵੱਲੋਂ ਦਰਜ ਕੀਤੀ ਗਈ ਹੂੰਝਾਫੇਰ ਜਿੱਤ ਨਾਲ ਬਰਤਾਨੀਆ ਦੀ ਸੰਸਦ ਵਿੱਚ ਪੰਜਾਬੀਆਂ ਖ਼ਾਸ ਕਰ ਸਿੱਖਾਂ ਨੂੰ ਅਹਿਮ ਨਮਾਇੰਦਗੀ ਹਾਸਲ ਹੋਈ ਹੈ। ਉਨ੍ਹਾਂ ਕਿਹਾ ਕਿ ਸਿੱਖ ਆਗੂਆਂ ਦੀ ਇਹ ਜਿੱਤ ਮਾਣ ਕਰਨ ਵਾਲੀ ਅਤੇ ਵੱਕਾਰੀ ਜਿੱਤ ਹੈ। ਉਨ੍ਹਾਂ ਕਿਹਾ ਕਿ ਬਰਤਾਨਵੀ ਸੰਸਦ ਲਈ ਪਹਿਲੀ ਵਾਰ 10 ਸਿੱਖ ਤੇ ਪੰਜਾਬੀ ਮੈਂਬਰਾਂ ਦਾ ਚੁਣਿਆ ਜਾਣਾ ਇੱਕ ਮਿਸਾਲ ਹੈ।