ਪੱਤਰ ਪ੍ਰੇਰਕ
ਗੁਰੂਸਰ ਸੁਧਾਰ, 6 ਜੁਲਾਈ
ਖੇਤੀਬਾੜੀ ਵਿਭਾਗ ਸੁਧਾਰ ਦੇ ਸਹਿਯੋਗ ਨਾਲ ਬਹੁਮੰਤਵੀ ਖੇਤੀਬਾੜੀ ਸਹਿਕਾਰੀ ਸਭਾ ਐਤੀਆਣਾ ਅਤੇ ਗਰਾਮ ਪੰਚਾਇਤ ਵੱਲੋਂ ਸਾਂਝੀਆਂ ਪੰਚਾਇਤੀ ਥਾਵਾਂ ਉੱਪਰ ਚਾਰ ਸੌ ਬੂਟੇ ਲਾਏ ਗਏ। ਖੇਤੀਬਾੜੀ ਵਿਭਾਗ ਸੁਧਾਰ ਦੇ ਖੇਤੀਬਾੜੀ ਸਬ-ਇੰਸਪੈਕਟਰ ਸਮਸ਼ੇਰ ਸਿੰਘ, ਸਰਪੰਚ ਲਖਵੀਰ ਸਿੰਘ, ਸਾਬਕਾ ਸਰਪੰਚ ਗੁਰਮੀਤ ਸਿੰਘ ਗਿੱਲ, ਸਹਿਕਾਰੀ ਸਭਾ ਦੇ ਸਕੱਤਰ ਬਲਵਿੰਦਰ ਸਿੰਘ ਨੇ ਬੂਟੇ ਲਾਉਣ ਦੀ ਮੁਹਿੰਮ ਦੀ ਸ਼ੁਰੂਆਤ ਕੀਤੀ।
ਇਸ ਮੌਕੇ ਸਰਪੰਚ ਲਖਵੀਰ ਸਿੰਘ ਨੇ ਦੱਸਿਆ ਕਿ ਪੰਜ ਸਾਲਾਂ ਵਿੱਚ ਪਿੰਡ ਐਤੀਆਣਾ ਦੀ ਪੰਚਾਇਤ ਵੱਲੋਂ ਸਾਂਝੀਆਂ ਥਾਵਾਂ ਉੱਪਰ 21 ਸੌ ਬੂਟੇ ਲਾਏ ਗਏ ਹਨ, ਜੋ ਹੁਣ ਕਾਫ਼ੀ ਵੱਡੇ ਵੀ ਹੋ ਗਏ ਹਨ। ਉਨ੍ਹਾਂ ਕਿਹਾ ਕਿ ਵਾਤਾਵਰਨ ਦੀ ਸ਼ੁੱਧਤਾ ਲਈ ਹੋਰ ਵੀ ਬੂਟੇ ਲਾਏ ਜਾਣਗੇ। ਉਨ੍ਹਾਂ ਕਿਹਾ ਕਿ ਬੂਟੇ ਲਾਉਣ ਤੋਂ ਬਾਅਦ ਉਨ੍ਹਾਂ ਦੀ ਸਾਂਭ-ਸੰਭਾਲ ਵੀ ਪੰਚਾਇਤ ਵੱਲੋਂ ਕੀਤੀ ਜਾਂਦੀ ਹੈ।