ਪੁਰੀ (ਉੜੀਸਾ), 7 ਜੁਲਾਈ
ਉੜੀਸਾ ਵਿੱਚ ਅੱਜ ਤੋਂ ਸ਼ੁਰੂ ਹੋਈ ਰੱਥ ਯਾਤਰਾ ਵਿੱਚ ਰੱਥ ਨੂੰ ਖਿੱਚਣ ਦੌਰਾਨ ਮਚੀ ਭਗਦੜ ਵਿੱਚ ਇਕ ਸ਼ਰਧਾਲੂ ਦੀ ਮੌਤ ਹੋ ਗਈ ਜਦਕਿ ਦਮ ਘੁਟਣ ਕਾਰਨ ਅੱਠ ਹੋਰ ਸ਼ਰਧਾਲੂਆਂ ਦੀ ਹਾਲਤ ਵਿਗੜ ਗਈ। ਇਹ ਜਾਣਕਾਰੀ ਅੱਜ ਅਧਿਕਾਰੀਆਂ ਨੇ ਦਿੱਤੀ। ਮੁੱਖ ਮੰਤਰੀ ਮੋਹਨ ਚਰਨ ਮਾਝੀ ਨੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਲਈ ਚਾਰ ਲੱਖ ਰੁਪਏ ਦੀ ਮੁਆਵਜ਼ਾ ਰਾਸ਼ੀ ਦਾ ਐਲਾਨ ਕੀਤਾ ਹੈ। ਮ੍ਰਿਤਕ ਦੀ ਪਛਾਣ ਬਾਲਨਗਿਰ ਜ਼ਿਲ੍ਹੇ ਦੇ ਲਲਿਤ ਬਗਾਰਤੀ ਵਜੋਂ ਹੋਈ ਹੈ। ਮੁੱਖ ਮੰਤਰੀ ਨੇ ਸ਼ਰਧਾਲੂ ਦੀ ਮੌਤ ’ਤੇ ਦੁੱਖ ਜ਼ਾਹਿਰ ਕੀਤਾ ਹੈ। ਉਨ੍ਹਾਂ ਵੱਲੋਂ ਅਧਿਕਾਰੀਆਂ ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਕਿ ਜ਼ਖ਼ਮੀ ਹੋਏ ਸ਼ਰਧਾਲੂਆਂ ਨੂੰ ਵਧੀਆ ਸਿਹਤ ਸਹੂਲਤਾਂ ਮੁਹੱਈਆ ਕਰਵਾਈਆਂ ਜਾਣ। ਸਿਹਤ ਮੰਤਰੀ ਮੁਕੇਸ਼ ਮਹਾਲਿੰਗ ਨੇ ਕਿਹਾ ਕਿ ਉਹ ਖ਼ੁਦ ਪੁਰੀ ’ਚ ਹਾਲਾਤ ’ਤੇ ਨਜ਼ਰ ਰੱਖ ਰਹੇ ਹਨ। ਅਧਿਕਾਰੀਆਂ ਨੇ ਕਿਹਾ ਕਿ ਭਗਵਾਨ ਬਾਲਭੱਦਰ ਦਾ ਰੱਥ ਖਿੱਚਣ ਦੌਰਾਨ ਭਗਦੜ ਵਰਗੇ ਹਾਲਾਤ ਪੈਦਾ ਹੋਣ ’ਤੇ ਇਕ ਪੁਲੀਸ ਮੁਲਾਜ਼ਮ ਸਣੇ ਕੁਝ ਲੋਕ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਇਸ ਦੌਰਾਨ ਕੁੱਝ ਦੂਰ ਚੱਲਣ ਮਗਰੋਂ ਇਹ ਯਾਤਰਾ ਰੋਕ ਦਿੱਤੀ ਗਈ ਜੋ ਕਿ ਸੋਮਵਾਰ ਨੂੰ ਮੁੜ ਸ਼ੁਰੂ ਹੋਵੇਗੀ।
ਇਸ ਤੋਂ ਪਹਿਲਾਂ ਪੁਰੀ ਸਥਿਤ 12ਵੀਂ ਸਦੀ ਦੇ ਜਗਨਨਾਥ ਮੰਦਰ ਤੋਂ ਅੱਜ 53 ਸਾਲਾਂ ਮਗਰੋਂ ਦੋ-ਦਿਨਾ ਰੱਥ ਯਾਤਰਾ ਆਰੰਭ ਹੋ ਗਈ ਹੈ। ਹਜ਼ਾਰਾਂ ਸ਼ਰਧਾਲੂ ਇਸ ਮੰਦਰ ਤੋਂ ਦੁਪਹਿਰ ਬਾਅਦ ਵਿਸ਼ਾਲ ਰੱਥਾਂ ਨੂੰ ਖਿੱਚ ਕੇ ਲਗਪਗ ਢਾਈ ਕਿਲੋਮੀਟਰ ਦੂਰ ਗੁੰਡਿਚਾ ਮੰਦਰ ਵੱਲ ਰਵਾਨਾ ਹੋਏ। ਰਾਸ਼ਟਰਪਤੀ ਦਰੋਪਦੀ ਮੁਰਮੂ, ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਉੜੀਸਾ ਦੇ ਮੁੱਖ ਮੰਤਰੀ ਮੋਹਨ ਚਰਨ ਮਾਝੀ ਨੇ ਭਗਵਾਨ ਜਗਨਨਾਥ ਦੀ ਰੱਥ ਯਾਤਰਾ ਦੇ ਉਤਸਵ ਮੌਕੇ ਲੋਕਾਂ ਨੂੰ ਵਧਾਈਆਂ ਦਿੱਤੀਆਂ।
ਪੁਰੀ ਦੇ ਸ਼ੰਕਰਾਚਾਰੀਆ ਸਵਾਮੀ ਨਿਸ਼ਚਲਾਨੰਦ ਸਰਸਵਤੀ ਵੱਲੋਂ ਆਪਣੇ ਚੇਲਿਆਂ ਨਾਲ ਭਗਵਾਨ ਜਗਨਨਾਥ, ਭਗਵਾਨ ਬਲਭੱਦਰ ਅਤੇ ਦੇਵੀ ਸੁਭੱਦਰਾ ਦੇ ਰੱਥਾਂ ਦੇ ਦਰਸ਼ਨ ਕਰਨ ਅਤੇ ਪੁਰੀ ਦੇ ਰਾਜਾ ਦੇ ‘ਛੇਰਾ ਪਹਨਾਰਾ’ (ਰੱਥ ਦੀ ਸਫ਼ਾਈ) ਕੀਤੇ ਜਾਣ ਮਗਰੋਂ ਸ਼ਾਮ ਲਗਪਗ 5.20 ਵਜੇ ਜਗਨਨਾਥ ਮੰਦਰ ਤੋਂ ਰੱਥ ਖਿੱਚਣ ਦੀ ਸ਼ੁਰੂਆਤ ਹੋਈ। ਰੱਥਾਂ ਵਿੱਚ ਲੱਕੜ ਦੇ ਘੋੜੇ ਲਾਏ ਗਏ ਸਨ ਅਤੇ ਸੇਵਕ ਰੱਥਾਂ ਨੂੰ ਸਹੀ ਦਿਸ਼ਾ ਵੱਲ ਖਿੱਚਣ ਲਈ ਮਾਰਗਦਰਸ਼ਨ ਕਰ ਰਹੇ ਸਨ। ਰਾਸ਼ਟਰਪਤੀ ਮੁਰਮੂ ਨੇ ਤਿੰਨਾਂ ਰੱਥਾਂ ਦੀ ‘ਪਰਿਕਰਮਾ’ ਕੀਤੀ ਅਤੇ ਦੇਵਤਿਆਂ ਅੱਗੇ ਨਤਮਸਤਕ ਹੋਏ।
ਰਾਸ਼ਟਰਪਤੀ ਮੁਰਮੂ ਤੋਂ ਇਲਾਵਾ ਉੜੀਸਾ ਦੇ ਰਾਜਪਾਲ ਰਘੂਬਰ ਦਾਸ, ਮੁੱਖ ਮੰਤਰੀ ਮਾਝੀ ਅਤੇ ਕੇਂਦਰੀ ਮੰਤਰੀ ਧਰਮੇਂਦਰ ਪ੍ਰਧਾਨ ਨੇ ਭਗਵਾਨ ਜਗਨਨਾਥ ਦੇ ਰੱਥ ਨੂੰ ਖਿੱਚ ਕੇ ਯਾਤਰਾ ਦੀ ਰਸਮੀ ਸ਼ੁਰੂਆਤ ਕੀਤੀ। ਵਿਰੋਧੀ ਧਿਰ ਦੇ ਨੇਤਾ ਨਵੀਨ ਪਟਨਾਇਕ ਨੇ ਵੀ ਦੇਵਤਿਆਂ ਦੇ ‘ਦਰਸ਼ਨ’ ਕੀਤੇ।
ਹਜ਼ਾਰਾਂ ਲੋਕਾਂ ਨੇ ਭਗਵਾਨ ਬਲਭੱਦਰ ਦੇ ਲਗਪਗ 45 ਫੁੱਟ ਉੱਚੇ ਲੱਕੜੀ ਦੇ ਰੱਥ ਨੂੰ ਖਿੱਚਿਆ। ਇਸ ਤੋਂ ਪਹਿਲਾਂ ਜਗਨਨਾਥ ਮੰਦਰ ਤੋਂ ਤਿੰਨ ਘੰਟੇ ਦੀ ‘ਪਹਾਂਡੀ’ ਰਸਮ ਪੂਰੀ ਹੋਣ ਮਗਰੋਂ ਭਗਵਾਨ ਜਗਨਨਾਥ, ਭਗਵਾਨ ਬਲਭੱਦਰ ਅਤੇ ਦੇਵੀ ਸੁਭੱਦਰਾ ਆਪੋ-ਆਪਣੇ ਰੱਥਾਂ ’ਤੇ ਸਵਾਰ ਹੋਏ। ਇਹ ਰਸਮ ਸਵੇਰੇ ਲਗਪਗ 11 ਵਜੇ ਆਰੰਭ ਹੋਈ ਅਤੇ ਦੁਪਹਿਰ ਸਵਾ ਦੋ ਵਜੇ ਸਮਾਪਤ ਹੋਈ। ਗਰਮੀ ਅਤੇ ਹੁੰਮਸ ਦੇ ਬਾਵਜੂਦ ਲੱਖਾਂ ਸ਼ਰਧਾਲੂ ਅੱਜ ਭਗਵਾਨ ਜਗਨਨਾਥ ਦੀ ਸਾਲਾਨਾ ਰੱਥ ਯਾਤਰਾ ਵਿੱਚ ਸ਼ਾਮਲ ਹੋਣ ਲਈ ਤੀਰਥ ਨਗਰੀ ਪੁਰੀ ਵਿੱਚ ਪੁੱਜੇ ਹੋਏ ਸਨ। 53 ਸਾਲਾਂ ਮਗਰੋਂ ਪਹਿਲੀ ਵਾਰ ਦੋ ਦਿਨ ਯਾਤਰਾ ਕੱਢੀ ਜਾਵੇਗੀ। -ਪੀਟੀਆਈ
ਮਮਤਾ ਬੈਨਰਜੀ ਨੇ ਖਿੱਚੀ ਰੱਥ ਦੀ ਰੱਸੀ
ਕੋਲਕਾਤਾ: ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਅੱਜ ਭਗਵਾਨ ਜਗਨਨਾਥ ਦੇ ਦਰਸ਼ਨ ਕਰਨ ਮਗਰੋਂ ਇਸਕਾਨ ਵੱਲੋਂ ਕਰਵਾਈ ਰੱਥ ਯਾਤਰਾ ਵਿੱਚ ਰੱਥ ਦੀ ਰੱਸੀ ਖਿੱਚੀ। ਮੀਂਹ ਦੇ ਬਾਵਜੂਦ ਹਜ਼ਾਰਾਂ ਲੋਕ ਇਸ ਉਤਸਵ ਵਿੱਚ ਹਿੱਸਾ ਲੈਣ ਲਈ ਇਕੱਠੇ ਹੋਏ। ਉਹ ਇਸਕਾਨ ਨਾਲ ਜੁੜੇ ਸ਼ਰਧਾਲੂਆਂ ਨਾਲ ‘ਜੈ ਜਗਨਨਾਥ’ ਦੇ ਨਾਅਰੇ ਲਗਾ ਰਹੇ ਸਨ। ਮਮਤਾ ਨੇ ਕਿਹਾ, ‘‘ਇਸ ਸ਼ੁਭ ਦਿਹਾੜੇ ’ਤੇ ਸੰਸਾਰ ਭਰ ਦੇ ਤੁਹਾਨੂੰ ਸਾਰੇ ਇਸਕਾਨ ਭੈਣ-ਭਰਾਵਾਂ ਤੇ ਭਗਤਾਂ ਨੂੰ ਜੈ ਜਗਨਨਾਥ।’’ -ਪੀਟੀਆਈ