ਹਰਿਆਣਾ ਸਰਕਾਰ ਨੇ ਸਾਰੇ ਰਿਹਾਇਸ਼ੀ ਖੇਤਰਾਂ ਵਿੱਚ ‘ਸਟਿਲਟ ਪਲੱਸ 4 ਫਲੋਰ’ ਦੀ ਉਸਾਰੀ ਨੂੰ ਹਰੀ ਝੰਡੀ ਦੇ ਕੇ ਨਵਾਂ ਵਿਵਾਦ ਖੜ੍ਹਾ ਕਰ ਦਿੱਤਾ ਹੈ। ਇਸ ਨੂੰ ਲੈ ਕੇ ਜਨਤਕ ਸਰੋਕਾਰ ਉਜਾਗਰ ਕੀਤੇ ਜਾ ਰਹੇ ਹਨ ਕਿ ਇਹ ਨੀਤੀ ਜਨਤਕ ਹਿੱਤ ਵਿੱਚ ਨਹੀਂ ਹੈ ਅਤੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਬਿਲਡਰ ਲਾਬੀ ਦੇ ਦਬਾਅ ਹੇਠ ਇਹ ਸਕੀਮ ਲਾਗੂ ਕੀਤੀ ਜਾ ਰਹੀ ਹੈ। ਇਸ ਦਾ ਵਿਰੋਧ ਕਰਨ ਵਾਲਿਆਂ ਦੀ ਇਹ ਦਲੀਲ ਹੈ ਕਿ ਅੰਨ੍ਹੇਵਾਹ ਅਪਾਰਟਮੈਂਟ ਖੜ੍ਹੇ ਕਰਨ ਦੀ ਹੋੜ ਵਿਕਾਸ ਦੀ ਨੁਕਸਦਾਰ ਯੋਜਨਾ ਹੈ। ਇਸ ਤਹਿਤ ਜ਼ਮੀਨੀ ਮੰਜ਼ਲ ’ਤੇ ਪਿੱਲਰਾਂ ਉੱਪਰ ਖੁੱਲ੍ਹੀਆਂ ਵਾਹੀਆਂ ਵਾਲੀ ਉਸਾਰੀ ਤੋਂ ਬਾਅਦ ਚਾਰ ਮੰਜ਼ਲਾਂ ਦਾ ਨਿਰਮਾਣ ਕੀਤਾ ਜਾ ਸਕੇਗਾ। ਇਸ ਯੋਜਨਾ ਨਾਲ ਬੁਨਿਆਦੀ ਢਾਂਚੇ ਅਤੇ ਸ਼ਹਿਰੀ ਸਹੂਲਤਾਂ ਉੱਪਰ ਦਬਾਅ ਬਹੁਤ ਵਧ ਜਾਵੇਗਾ ਅਤੇ ਇਸ ਨਾਲ ਵਾਤਾਵਰਨ ਜੋਖ਼ਿਮ ਵਿੱਚ ਵੀ ਇਜ਼ਾਫ਼ਾ ਹੋਵੇਗਾ ਅਤੇ ਆਂਢੀਆਂ ਗੁਆਂਢੀਆਂ ਦੇ ਝਗੜੇ ਵਧਣ ਦੀਆਂ ਸੰਭਾਵਨਾਵਾਂ ਹੋਣਗੀਆਂ। ਇਸ ਦੀ ਤੁਲਨਾ ਗੁਰੂਗ੍ਰਾਮ ਦੇ ਪੁਰਾਣੇ ਸੈਕਟਰਾਂ ਨਾਲ ਕੀਤੀ ਜਾ ਰਹੀ ਹੈ ਜਿੱਥੇ ਵਸਨੀਕ ਤਾਜ਼ਾ ਹਵਾ ਅਤੇ ਸੂਰਜ ਦੀ ਰੌਸ਼ਨੀ ਲੈਣ ਲਈ ਤਰਸਦੇ ਰਹਿੰਦੇ ਹਨ। ਇਸ ਕਰ ਕੇ ਇਸ ਨੀਤੀ ਦੇ ਅਮਲ ਨੂੰ ਰੋਕ ਦੇਣ ਦੀ ਲੋੜ ਹੈ।
ਪਿਛਲੇ ਸਾਲ ਫਰਵਰੀ ਮਹੀਨੇ ਪੰਚਕੂਲਾ ਵਿੱਚ ਲੋਕਾਂ ਵਲੋਂ ਨੀਤੀ ਦੀ ਦੁਰਵਰਤੋਂ ਅਤੇ ਰਿਹਾਇਸ਼ੀ ਸਪੇਸ ਦੇ ਤਜਾਰਤੀਕਰਨ ਖਿਲਾਫ਼ ਰੋਸ ਪ੍ਰਦਰਸ਼ਨ ਕਰਨ ਤੋਂ ਬਾਅਦ ਐਸ+4 ਸਕੀਮ ਉੱਪਰ ਪਾਬੰਦੀ ਲਗਾ ਦਿੱਤੀ ਗਈ ਸੀ। ਇਹੋ ਜਿਹੀਆਂ ਮਿਸਾਲਾਂ ਸਾਹਮਣੇ ਆਈਆਂ ਸਨ ਕਿ ਇਮਾਰਤਾਂ ਵਿੱਚ ਸਿਰਫ਼ ਦੋ ਮੰਜ਼ਲਾਂ ਦਾ ਬੋਝ ਚੁੱਕਣ ਦੀ ਸਮੱਰਥਾ ਹੋਣ ਦੇ ਬਾਵਜੂਦ ਲੋਕਾਂ ਨੇ ਆਮਦਨੀ ਦੇ ਮੰਤਵ ਤਹਿਤ ਵਧੇਰੇ ਮੰਜ਼ਲਾਂ ਉਸਾਰ ਲਈਆਂ ਸਨ। ਨੀਤੀ ਅੰਦਰ ਨਿਰਮਾਣ ਦੀਆਂ ਊਣਤਾਈਆਂ ਨੂੰ ਖੁੱਲ੍ਹ ਦੇਣ ਵੱਲ ਲਗਾਤਾਰ ਇਸ਼ਾਰਾ ਕੀਤਾ ਜਾਂਦਾ ਰਿਹਾ ਹੈ। ਸਰਕਾਰ ਦਾ ਕਹਿਣਾ ਹੈ ਕਿ ਕਿਸੇ ਵੀ ਤਰ੍ਹਾਂ ਦੀ ਉਸਾਰੀ ਤੋਂ ਪਹਿਲਾਂ ਪਲਾਟ ਦੇ ਅਲਾਟੀਆਂ ਦਰਮਿਆਨ ਆਪਸੀ ਸਹਿਮਤੀ ਦਾ ਕਰਾਰ ਹੋਣਾ ਲਾਜ਼ਮੀ ਹੈ ਜਿਸ ਕਰ ਕੇ ਇਹ ਸਾਰੇ ਸਰੋਕਾਰ ਮੁਖ਼ਾਤਿਬ ਹੋ ਜਾਂਦੇ ਹਨ। ਇਸ ਦਾ ਇਹ ਵੀ ਦਾਅਵਾ ਹੈ ਕਿ ਸੁਤੰਤਰ ਮੰਜ਼ਲਾਂ ਦੀ ਵਿਕਰੀ ਨੂੰ ਖੁੱਲ੍ਹ ਦੇਣ ਨਾਲ ਉਨ੍ਹਾਂ ਲੋਕਾਂ ਨੂੰ ਮਦਦ ਮਿਲੇਗੀ ਜੋ ਸੰਪਤੀ ਦੀਆਂ ਬੇਤਹਾਸ਼ਾ ਕੀਮਤਾਂ ਚੜ੍ਹਨ ਕਰ ਕੇ ਪਲਾਟ ਖਰੀਦਣ ਤੋਂ ਅਸਮੱਰਥ ਹਨ। ਸਰਕਾਰ ਮੁਤਾਬਿਕ ਤਿੰਨ ਮੰਜ਼ਲਾਂ ਦੀ ਉਸਾਰੀ ਪਹਿਲਾਂ ਹੀ ਦਿੱਤੀ ਜਾਂਦੀ ਹੈ ਅਤੇ ਇਵੇਂ ਇੱਕ ਹੋਰ ਮੰਜ਼ਲ ਦੀ ਉਸਾਰੀ ਦੀ ਆਗਿਆ ਨਾਲ ਹੋਰ ਲੋਕਾਂ ਨੂੰ ਸਮੋਣ ਵਿੱਚ ਮਦਦ ਮਿਲ ਸਕੇਗੀ। ਇਸ ਦੇ ਬਾਵਜੂਦ ਨੀਤੀ ਦਾ ਨਾਂਹ-ਮੁਖੀ ਅਸਰ ਇਸ ਦੇ ਹਾਂ-ਪੱਖਾਂ ਉੱਪਰ ਭਾਰੂ ਪੈਂਦਾ ਦਿਖਾਈ ਦਿੰਦਾ ਹੈ।
ਸਰਕਾਰ ਨੇ ਮਾਹਿਰਾਨਾ ਕਮੇਟੀ ਦੀਆਂ ਕੁਝ ਬੁਨਿਆਦੀ ਸਿਫਾਰਸ਼ਾਂ ਨੂੰ ਨਜ਼ਰਅੰਦਾਜ਼ ਕੀਤਾ ਹੈ। ਨੀਤੀ ਵਿੱਚ ਭਰੋਸੇ ਦੀ ਘਾਟ ਹੈ ਅਤੇ ਇਸ ਦੇ ਦੀਰਘਕਾਲੀ ਅਸਰ ਬਾਰੇ ਕਾਫ਼ੀ ਖਦਸ਼ੇ ਜਤਾਏ ਜਾ ਰਹੇ ਹਨ ਜਿਸ ਕਰ ਕੇ ਇਸ ਦੀ ਸਮੀਖਿਆ ਕਰਨ ਦੀ ਲੋੜ ਹੈ। ਇਸ ਤੋਂ ਇਲਾਵਾ ਅੰਨ੍ਹੇਵਾਹ ਸ਼ਹਿਰੀਕਰਨ ਦਾ ਪੁਖ਼ਤਾ ਬਦਲ ਵੀ ਲੱਭਿਆ ਜਾਣਾ ਚਾਹੀਦਾ ਹੈ ਕਿਉਂਕਿ ਇਸ ਕਿਸਮ ਦਾ ਆਪ ਮੁਹਾਰਾ ਸ਼ਹਿਰੀਕਰਨ ਆਉਣ ਵਾਲੇ ਸਮਿਆਂ ਵਿੱਚ ਆਪਣੇ ਆਪ ਵਿੱਚ ਵੱਡਾ ਖ਼ਤਰਾ ਬਣ ਰਿਹਾ ਹੈ।