ਪੱਤਰ ਪ੍ਰੇਰਕ
ਨਵੀਂ ਦਿੱਲੀ, 7 ਜੁਲਾਈ
ਕੇਜਰੀਵਾਲ ਸਰਕਾਰ ਨੇ ਕਿਰਾੜੀ ਇਲਾਕੇ ਵਿੱਚ ਪਾਣੀ ਭਰਨ ਦੀ ਸਮੱਸਿਆ ਨੂੰ ਦੂਰ ਕਰਨ ਲਈ ਨਜਫਗੜ੍ਹ ਸਪਲੀਮੈਂਟਰੀ ਡਰੇਨ ਅਤੇ ਮੁੰਡਕਾ ਹਾਟ ਰੇਲਵੇ ਸਟੇਸ਼ਨ ਦੇ ਵਿਚਕਾਰ 4.5 ਕਿਲੋਮੀਟਰ ਲੰਬੀ ਡਰੇਨ ਦਾ ਨਿਰਮਾਣ ਕਰਨ ਦਾ ਫ਼ੈਸਲਾ ਲਿਆ ਹੈ। ਇੱਥੇ 4.5 ਕਿਲੋਮੀਟਰ ਲੰਬੀ ਮੇਨ ਡਰੇਨ ਦੀ ਉਸਾਰੀ ਨਾਲ ਲੋਕਾਂ ਨੂੰ ਬਰਸਾਤ ਦੇ ਦਿਨਾਂ ਵਿੱਚ ਪਾਣੀ ਭਰਨ ਤੋਂ ਰਾਹਤ ਮਿਲੇਗੀ। ਡਰੇਨ ਦੇ ਬਣਨ ਨਾਲ ਭਾਰੀ ਬਰਸਾਤ ਦੌਰਾਨ ਵੀ ਤੇਜ਼ੀ ਨਾਲ ਨਿਕਾਸੀ ਹੋਵੇਗੀ ਅਤੇ ਇਸ ਨਾਲ ਕਿਰਾੜੀ ਵਿਧਾਨ ਸਭਾ ਦੀਆਂ ਕਲੋਨੀਆਂ ਵਿੱਚ ਪਾਣੀ ਭਰਨ ਦੀ ਸਮੱਸਿਆ ਤੋਂ ਨਿਜਾਤ ਮਿਲੇਗੀ। ਦੱਸ ਦੇਈਏ ਕਿ ਭਾਰੀ ਬਰਸਾਤ ਦੌਰਾਨ ਵਿਧਾਨ ਸਭਾ ਹਲਕਾ ਕਿਰਾੜੀ ਦੇ ਕਈ ਇਲਾਕਿਆਂ ਵਿੱਚ ਨਾਲੀਆਂ ਦੇ ਓਵਰਫਲੋਅ ਹੋਣ ਕਾਰਨ ਬਰਸਾਤੀ ਪਾਣੀ ਦੀ ਨਿਕਾਸੀ ਹੋਣ ’ਚ ਸਮਾਂ ਲੱਗ ਜਾਂਦਾ ਹੈ ਅਤੇ ਪਾਣੀ ਭਰਨ ਦੀ ਸਮੱਸਿਆ ਪੈਦਾ ਹੋ ਜਾਂਦੀ ਹੈ। ਕੇਜਰੀਵਾਲ ਸਰਕਾਰ ਨੇ ਨਜਫਗੜ੍ਹ ਸਪਲੀਮੈਂਟਰੀ ਡਰੇਨ ਅਤੇ ਮੁੰਡਕਾ ਹਾਟ ਰੇਲਵੇ ਸਟੇਸ਼ਨ ਦੇ ਵਿਚਕਾਰ 4.5 ਕਿਲੋਮੀਟਰ ਲੰਬੀ ਮੁੱਖ ਡਰੇਨ ਬਣਾਉਣ ਦਾ ਫੈਸਲਾ ਕੀਤਾ ਹੈ। ਡਰੇਨ ਦੀ ਉਸਾਰੀ ਤੋਂ ਬਾਅਦ ਕਲੋਨੀਆਂ ਦੀਆਂ ਨਾਲੀਆਂ ਦਾ ਬਾਹਰੀ ਹਿੱਸਾ ਇਸ ਵੱਡੇ ਡਰੇਨ ਨਾਲ ਜੁੜ ਜਾਵੇਗਾ।
ਨਾਲੇ ਦਾ ਨਿਰਮਾਣ ਰੇਲਵੇ ਲਾਈਨ ਦੇ ਨਾਲ ਕੀਤਾ ਜਾਣਾ ਹੈ। ਇਸ ਸਬੰਧੀ ਦਿੱਲੀ ਸਰਕਾਰ ਦਾ ਲੋਕ ਨਿਰਮਾਣ ਵਿਭਾਗ ਛੇਤੀ ਹੀ ਭਾਰਤੀ ਰੇਲਵੇ ਨਾਲ ਸਮਝੌਤਾ ਸਹੀਬੰਦ ਕਰੇਗਾ। ਇਸ ਦੇ ਲਈ ਲੋਕ ਨਿਰਮਾਣ ਵਿਭਾਗ ਨੇ ਮੰਤਰੀ ਆਤਿਸ਼ੀ ਤੋਂ ਮਨਜ਼ੂਰੀ ਲੈ ਲਈ ਹੈ।