ਪੱਤਰ ਪ੍ਰੇਰਕ
ਪਟਿਆਲਾ, 7 ਜੁਲਾਈ
ਸ੍ਰੀ ਬੇਗਮਪੁਰਾ ਮਿਸ਼ਨ ਪਟਿਆਲਾ ਦੀ ਸਰਪ੍ਰਸਤੀ ਹੇਠ ਚੱਲ ਰਹੇ ਸਾਹਿਤਕ ਮੈਗਜ਼ੀਨ ‘ਗੁਸਾਈਂਆਂ’ ਦੇ ਜੁਲਾਈ ਅੰਕ ਨੂੰ ਪਟਿਆਲਾ ਲੋਕ ਸਭਾ ਮੈਂਬਰ ਡਾ. ਧਰਮਵੀਰ ਗਾਂਧੀ ਵੱਲੋਂ ਲੋਕ ਅਰਪਣ ਕੀਤਾ ਗਿਆ। ਡਾ. ਗਾਂਧੀ ਨੇ ਪਿਛਲੇ 17 ਸਾਲਾਂ ਤੋਂ ਕੁਲਵੰਤ ਸਿੰਘ ਨਾਰੀਕੇ ਦੇ ਸੰਪਾਦਨ ਹੇਠ ਮਾਂ ਬੋਲੀ ਪੰਜਾਬੀ ਦੀ ਸੇਵਾ ਕਰ ਰਹੇ ਇਸ ਮੈਗਜ਼ੀਨ ਦੀ ਸ਼ਲਾਘਾ ਕੀਤੀ। ਡਾ. ਗਾਂਧੀ ਨੇ ਕਿਹਾ ਕਿ ਅੱਜ ਦੇ ਸਮੇਂ ਵਿੱਚ ਸੀਮਤ ਆਰਥਿਕ ਵਸੀਲਿਆਂ ਨਾਲ ਕੋਈ ਸਾਹਿਤਕ ਮੈਗਜ਼ੀਨ ਕੱਢਣਾ ਬੜਾ ਜੱਦੋ-ਜਹਿਦ ਵਾਲਾ ਕੰਮ ਹੈ। ਪੰਜਾਬ ਦੇ ਸੰਵੇਦਨਸ਼ੀਲ ਮੁੱਦਿਆਂ ’ਤੇ ਆਪਣੇ ਫ਼ਿਕਰ ਜ਼ਾਹਰ ਕਰਦਿਆਂ ਡਾ. ਗਾਂਧੀ ਨੇ ਕਿਹਾ ਕਿ ਜੇਕਰ ਪੰਜਾਬ ਦੀ ਧਰਤੀ ਨੂੰ ਮਾਰੂਥਲ ਹੋਣ ਤੋਂ ਬਚਾਉਣਾ ਹੈ ਤਾਂ ਵੱਧ ਤੋਂ ਵੱਧ ਬੂਟੇ ਲਾਉਣੇ ਪੈਣਗੇ। ਇਸ ਮੌਕੇ ਮੰਚ ਦੇ ਪ੍ਰਧਾਨ ਡਾ ਜੀ ਐੱਸ ਅਨੰਦ, ਜਨਰਲ ਸਕੱਤਰ ਬਲਬੀਰ ਜਲਾਲਾਬਾਦੀ, ਕੁਲਵੰਤ ਸੈਦੋਕੇ, ਗੁਰਚਰਨ ਸਿੰਘ ‘ਚੰਨ ਪਟਿਆਲਵੀ’, ਦਰਸ਼ ਪਸਿਆਣਾ, ਜਸਵਿੰਦਰ ਖਾਰਾ, ਗੁਰਪ੍ਰੀਤ ਢਿੱਲੋਂ ਤੋਂ ਇਲਾਵਾ ਭਾਸ਼ਾ ਵਿਭਾਗ ਦੇ ਡਿਪਟੀ ਡਾਇਰੈਕਟਰ ਸਤਨਾਮ ਸਿੰਘ ਅਤੇ ਖੋਜ ਅਫ਼ਸਰ ਡਾ ਸੰਤੋਖ ਸਿੰਘ ਸੁੱਖੀ, ਡਾ. ਨਰਿੰਦਰ ਸਿੰਘ ਸੰਧੂ ਅਤੇ ਗੁਰਮੇਲ ਸਿੰਘ ਐੱਸਡੀਓ ਵੀ ਹਾਜ਼ਰ ਰਹੇ।