ਮਿਹਰ ਸਿੰਘ
ਕੁਰਾਲੀ, 7 ਜੁਲਾਈ
ਪਿੰਡ ਤਾਰਾਪੁਰ-ਮਾਜਰੀ ਵਿੱਚ ਪਹਾੜੀ ਖੇਤਰ ਦੀ ਆਵਾਜਾਈ ਲਈ ਬਣਾਏ ਕਾਜ਼ਵੇਅ ਦਾ ਵੱਡਾ ਹਿੱਸਾ ਪਿਛਲੇ ਦਿਨੀਂ ਹੋਈ ਬਰਸਾਤ ਕਾਰਨ ਹੜ੍ਹ ਗਿਆ ਸੀ। ਇਸ ਕਾਰਨ ਇਸ ਪਿੰਡ ਦੇ ਲੋਕਾਂ ਤੋਂ ਇਲਾਵਾ ਪਹਾੜੀ ਖੇਤਰ ਵਿੱਚ ਵਸਦੇ ਹੋਰਨਾਂ ਪਿੰਡਾਂ ਦੀ ਆਵਾਜਾਈ ਠੱਪ ਹੋ ਕੇ ਰਹਿ ਗਈ ਹੈ। ਪਿੰਡ ਵਾਸੀਆਂ ਦੀ ਸਮੱਸਿਆ ਦੇ ਮੱਦੇਨਜ਼ਰ ਜ਼ਿਲ੍ਹਾ ਪਰਿਸ਼ਦ ਮੈਂਬਰ ਯਾਦਵਿੰਦਰਾ ਸਿੰਘ ਬੰਨੀ ਕੰਗ ਨੇ ਪਿੰਡ ਦਾ ਦੌਰਾ ਕੀਤਾ। ਇਸ ਮੌਕੇ ਉਨ੍ਹਾਂ ਪਿੰਡ ਵਾਸੀਆਂ ਨਾਲ ਗੱਲਬਾਤ ਕੀਤੀ। ਪਿੰਡ ਤਾਰਾਪੁਰ-ਮਾਜਰੀ ਦੇ ਵਸਨੀਕਾਂ ਨੇ ਦੱਸਿਆ ਕਿ ਪਿਛਲੇ ਦਿਨੀਂ ਹੋਈ ਜ਼ਿਆਦਾ ਬਰਸਾਤ ਕਾਰਨ ਪਿੰਡ ਦੇ ਕਾਜ਼ਵੇਅ ਦਾ ਕੁਝ ਹਿੱਸਾ ਤੇਜ਼ ਪਾਣੀ ਦੇ ਵਹਾਅ ਕਾਰਨ ਹੜ੍ਹ ਗਿਆ ਸੀ ਜਿਸ ਕਾਰਨ ਪਿੰਡ ਦੇ ਬੱਚਿਆਂ ਨੂੰ ਸਕੂਲ ਜਾਣ ਵਿੱਚ ਭਾਰੀ ਮੁਸ਼ਕਲ ਆ ਰਹੀ ਹੈ ਕਿਉਂਕਿ ਸਕੂਲ ਇਸ ਕਾਜ਼ਵੇਅ ਦੇ ਦੂਜੇ ਪਾਸੇ ਸਥਿਤ ਹੈ।ਪਿੰਡ ਵਾਸੀਆਂ ਨੇ ਦੱਸਿਆ ਕਿ ਉਹ ਲੰਮੇਂ ਸਮੇਂ ਤੋਂ ਕਾਜ਼ਵੇਅ ਦੇ ਡਿਜ਼ਾਈਨ ਨੂੰ ਸਹੀ ਕਰਨ ਅਤੇ ਇਸ ਸਮੱਸਿਆ ਦੇ ਪੱਕੇ ਹੱਲ ਦੀ ਮੰਗ ਕਰਦੇ ਆ ਰਹੇ ਹਨ ਪਰ ਸਰਕਾਰਾਂ ਵੱਲੋਂ ਉਨ੍ਹਾਂ ਦੀ ਮੰਗ ਨੂੰ ਅਣਗੌਲਿਆ ਕੀਤਾ ਹੋਇਆ ਹੈ। ਇਸ ਮੌਕੇ ਯਾਦਵਿੰਦਰ ਸਿੰਘ ਕੰਗ ਨੇ ਪਿੰਡ ਵਾਸੀਆਂ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਜਲਦੀ ਹੀ ਉਨ੍ਹਾਂ ਦੇ ਸਾਰੇ ਮਸਲਿਆਂ ਨੂੰ ਹੱਲ ਕਰਵਾਉਣ ਲਈ ਹਰ ਸੰਭਵ ਯਤਨ ਕੀਤਾ ਜਾਵੇਗਾ। ਇਸ ਮੌਕੇ ਬਲਾਕ ਕਾਂਗਰਸ ਦੇ ਪ੍ਰਧਾਨ ਰਾਣਾ ਗਿਆਨ ਸਿੰਘ ਘੰਡੌਲੀ, ਦਲਵਿੰਦਰ ਸਿੰਘ ਬੈਨੀਪਾਲ, ਰੋਹਿਤ ਮਿੱਤਲ ਤੇ ਰਣਜੀਤ ਸਿੰਘ ਖੱਦਰੀ ਆਦਿ ਹਾਜ਼ਰ ਸਨ।
ਪਿੰਡ ਵਾਸੀਆਂ ਨੇ ਦਰਗਾਹ ਨੇੜਿਓਂ ਲੰਘਦੀ ਨਦੀ ’ਤੇ ਛੋਟਾ ਪੁਲ ਬਣਾਉਣ ਦੀ ਮੰਗ ਕੀਤੀ। ਪਿੰਡ ਵਾਸੀਆਂ ਨੇ ਹਿਮਾਚਲ ਪ੍ਰਦੇਸ਼ ਨੂੰ ਜੋੜਨ ਵਾਲੇ ਕਰੀਬ 2 ਕਿਲੋਮੀਟਰ ਸੜਕੀ ਟੋਟੇ ਨੂੰ ਵੀ ਪੱਕਾ ਕੀਤੇ ਜਾਣ ਦੀ ਮੰਗ ਕੀਤੀ ਅਤੇ ਕਿਹਾ ਕਿ ਇਸ ਕੱਚੇ ਰਸਤੇ ਚੱਲ ਕੇ ਹੀ ਘਾੜ ਇਲਾਕੇ ਦੇ ਬਹੁਤ ਸਾਰੇ ਨੌਜਵਾਨ ਸਨਅਤੀ ਸ਼ਹਿਰ ਬੱਦੀ ਤੇ ਹੋਰ ਇਲਾਕਿਆਂ ਵਿੱਚ ਨੌਕਰੀਆਂ ਕਰਨ ਜਾਂਦੇ ਹਨ।