ਪੱਤਰ ਪ੍ਰੇਰਕ
ਸੁਨਾਮ ਊਧਮ ਸਿੰਘ ਵਾਲਾ, 8 ਜੁਲਾਈ
ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਦੀ ਪ੍ਰਾਜੈਕਟ ਅਫ਼ਸਰ ਸੁਨਾਮ-1 ਰੇਖਾ ਰਾਣੀ ਨੇ ਅੱਜ ਇੱਥੇ ਆਂਗਣਵਾੜੀ ਸੈਂਟਰ 708 ਅਤੇ 720 ਦਾ ਦੌਰਾ ਕੀਤਾ। ਪ੍ਰਾਜੈਕਟ ਅਫਸਰ ਨੇ ਮੌਸਮ ਦੀ ਤਬਦੀਲੀ ਕਾਰਨ ਪਣਪ ਰਹੇ ਵੱਖੋ-ਵੱਖ ਵਾਇਰਸਾਂ ਜਿਵੇਂ ਕਿ ਪੇਚਸ਼, ਮਲੇਰੀਆ, ਡੇਂਗੂ ਤੋਂ ਲੋਕਾਂ ਨੂੰ ਸੁਚੇਤ ਰਹਿਣ ਦੀ ਅਪੀਲ ਕੀਤੀ। ਇਸ ਮੌਕੇ ਉਨ੍ਹਾਂ ਔਰਤਾਂ ਨੂੰ ਸਾਫ ਸਫਾਈ, ਭੋਜਨ ਸਾਫ ਸੁਥਰਾ ਬਣਾਉਣ, ਪਾਣੀ ਉਬਾਲਕੇ ਪੀਣ ਅਤੇ ਘਰਾਂ ਵਿੱਚ ਓਆਰਐੱਸ ਦਾ ਘੋਲ ਤਿਆਰ ਕਰਨ ਬਾਰੇ ਜਾਗਰੂਕ ਕੀਤਾ। ਉਨ੍ਹਾਂ ਹਾਜ਼ਰੀਨ ਨੂੰ ਬੱਚਿਆ ਦੇ ਨਹੁੰ ਕੱਟਣ, ਵੱਧ ਤੋਂ ਵੱਧ ਦਾਲਾਂ, ਪਾਣੀ, ਸਬਜ਼ੀਆਂ ਅਤੇ ਫ਼ਲਾ ਦਾ ਸੇਵਨ ਕਰਨ ਉੱਤੇ ਜ਼ੋਰ ਦਿੱਤਾ। ਇਸ ਮੌਕੇ ਸੈਂਟਰ ਵਿੱਚ ਬੱਚਿਆ ਦਾ ਭਾਰ ਤੋਲਿਆ ਗਿਆ ਅਤੇ ਲੰਬਾਈ ਮਾਪੀ ਗਈ। ਇਸ ਮੌਕੇ ਸੁਪਰਵਾਈਜ਼ਰ ਰਵਿੰਦਰ ਕੌਰ, ਰੀਤੂ ਬਾਲਾ ਨੇ ਬੱਚਿਆਂ ਨੂੰ ਵੱਖ ਵੱਖ ਗਤੀਵਿਧੀਆਂ ਵੀ ਕਰਵਾਈਆਂ ਤਾਂ ਕਿ ਉਨ੍ਹਾਂ ਦਾ ਸਰਬਪੱਖੀ ਵਿਕਾਸ ਹੋ ਸਕੇ।