ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 8 ਜੁਲਾਈ
ਸਿੱਖਿਆ ਮੰਤਰੀ ਆਤਿਸ਼ੀ ਦੇ ਦਖ਼ਲ ਮਗਰੋਂ ਦਿੱਲੀ ਦੇ ਸਰਕਾਰੀ ਸਕੂਲਾਂ ਦੇ 5000 ਅਧਿਆਪਕਾਂ ਦੇ ਲਾਜ਼ਮੀ ਤਬਾਦਲੇ ਦੇ ਹੁਕਮਾਂ ਨੂੰ ਰੋਕ ਦਿੱਤਾ ਗਿਆ ਹੈ। ਇਸ ਸਬੰਧੀ ਅੱਜ ਪ੍ਰੈੱਸ ਕਾਨਫਰੰਸ ਰਾਹੀਂ ਸਿੱਖਿਆ ਮੰਤਰੀ ਆਤਿਸ਼ੀ ਨੇ ਅਧਿਆਪਕਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਦਿੱਲੀ ਦੇ ਸਰਕਾਰੀ ਸਕੂਲਾਂ ਦੇ ਅਧਿਆਪਕਾਂ, ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆਂ ਦਾ ਸੰਘਰਸ਼ ਸਫਲ ਰਿਹਾ। ਸਿੱਖਿਆ ਡਾਇਰੈਕਟੋਰੇਟ ਵੱਲੋਂ ਅੱਜ ਸਵੇਰੇ ਜਾਰੀ ਹੁਕਮਾਂ ਰਾਹੀਂ 2 ਜੁਲਾਈ ਨੂੰ ਜਾਰੀ ਕੀਤੇ ਗਏ ਗਲਤ ਤਬਾਦਲੇ ਦੇ ਹੁਕਮ ਰੋਕ ਦਿੱਤੇ ਗਏ ਹਨ। ਇਸ ਤਹਿਤ 5000 ਤੋਂ ਵੱਧ ਅਧਿਆਪਕਾਂ ਦੇ ਤਬਾਦਲੇ ਕੀਤੇ ਗਏ ਸਨ। ਉਨ੍ਹਾਂ ਕਿਹਾ ਕਿ ਦਿੱਲੀ ਵਿੱਚ ਸਿੱਖਿਆ ਕ੍ਰਾਂਤੀ ਨੂੰ ਰੋਕਣ ਲਈ ਭਾਜਪਾ ਨੇ ਉਪ ਰਾਜਪਾਲ ਰਾਹੀਂ ਰਾਤੋ-ਰਾਤ 5000 ਅਧਿਆਪਕਾਂ ਦੇ ਤਬਾਦਲੇ ਕਰਵਾ ਦਿੱਤੇ ਸਨ। ਉਨ੍ਹਾਂ ਕਿਹਾ ਕਿ ਇਨ੍ਹਾਂ ਅਧਿਆਪਕਾਂ ਦੀ 10 ਸਾਲਾਂ ਦੀ ਮਿਹਨਤ ਸਦਕਾ ਕੇਜਰੀਵਾਲ ਸਰਕਾਰ ਦੇ ਸਕੂਲਾਂ ਵਿੱਚ ਸਿੱਖਿਆ ਕ੍ਰਾਂਤੀ ਆਈ, ਸਕੂਲਾਂ ਦੀ ਕਾਇਆ ਕਲਪ ਹੋਈ ਹੈ। ਉਨ੍ਹਾਂ ਕਿਹਾ ਕਿ 5000 ਅਧਿਆਪਕਾਂ ਦਾ ਇਹ ਤਬਾਦਲਾ ਸਿਰਫ ਅਤੇ ਸਿਰਫ ਦਿੱਲੀ ਦੇ ਸਰਕਾਰੀ ਸਕੂਲਾਂ ਵਿੱਚ ਕੀਤਾ ਗਿਆ ਸੀ, ਦਿੱਲੀ ਦੀ ਸਿੱਖਿਆ ਕ੍ਰਾਂਤੀ ਨੂੰ ਵਿਗਾੜਨ ਤਹਿਤ ਇਹ ਚਾਲ ਚੱਲੀ ਗਈ ਸੀ।
ਉਨ੍ਹਾਂ ਕਿਹਾ ਕਿ ਅਧਿਆਪਕਾਂ ਦੇ ਤਬਾਦਲੇ ਦੇ ਹੁਕਮਾਂ ਤੋਂ ਬਾਅਦ ਮੈਂ ਵਾਅਦਾ ਕੀਤਾ ਸੀ ਕਿ ਦਿੱਲੀ ਦੇ ਸਰਕਾਰੀ ਸਕੂਲਾਂ ਨੂੰ ਬਰਬਾਦ ਨਹੀਂ ਹੋਣ ਦੇਵਾਂਗੀ, ਸਿੱਖਿਆ ਕ੍ਰਾਂਤੀ ਨੂੰ ਰੁਕਣ ਨਹੀਂ ਦਿਆਂਗੀ।
ਉਨ੍ਹਾਂ ਕਿਹਾ ਕਿ ਦਿੱਲੀ ਵਾਸੀਆਂ ਦੇ ਸੰਘਰਸ਼ ਕਾਰਨ ਭਾਜਪਾ ਦੀ ਸਾਜ਼ਿਸ਼ ਨਾਕਾਮ ਹੋਈ ਹੈ ਤੇ ਇੱਕ ਹੁਕਮ ਜਾਰੀ ਰਾਹੀਂ ਅਧਿਆਪਕਾਂ ਦੇ ਤਬਾਦਲੇ ਦੇ ਹੁਕਮ ਵਾਪਸ ਲੈਣੇ ਪਏ ਹਨ। ਇਹ ਦਿੱਲੀ ਵਾਲਿਆਂ ਦੀ ਜਿੱਤ ਹੈ। ਉਨ੍ਹਾਂ ਕਿਹਾ ਕਿ ਦਿੱਲੀ ਦੇ ਲੋਕਾਂ ਨੂੰ ਪ੍ਰੇਸ਼ਾਨ ਕਰਨ ਲਈ ਭਾਜਪਾ ਜਿੰਨੀਆਂ ਮਰਜ਼ੀ ਸਾਜ਼ਿਸ਼ਾਂ ਕਰ ਲਵੇ, ਜਦੋਂ ਤੱਕ ਅਰਵਿੰਦ ਕੇਜਰੀਵਾਲ ਦਿੱਲੀ ਦੇ ਮੁੱਖ ਮੰਤਰੀ ਹਨ, ਉਹ ਦਿੱਲੀ ਦੇ ਲੋਕਾਂ ਦੇ ਹੱਕਾਂ ਲਈ ਲੜਦੇ ਰਹਿਣਗੇ। ਉਨ੍ਹਾਂ ਆਖਿਆ ਕਿ ਇਨ੍ਹਾਂ ਤਬਾਦਲਿਆਂ ਨਾਲ ਜਿੱਥੇ ਬੱਚਿਆਂ ਦਾ ਭਵਿੱਖ ਖਰਾਬ ਹੋਣ ਦਾ ਖ਼ਦਸ਼ਾ ਸੀ, ਉਥੇ ਹੀ ਅਧਿਆਪਕਾਂ ਦਾ ਮਨੋਬਲ ਡਿੱਗ ਸਕਦਾ ਸੀ। ਹੁਣ ਇਹ ਅਧਿਆਪਕ ਖੁੱਲ੍ਹਦਿਲੀ ਨਾਲ ਬੱਚਿਆਂ ਨੂੰ ਸਮੇਂ ਦੇ ਹਾਣੀ ਬਣਾਉਣ ਦੀ ਕੋਸ਼ਿਸ਼ਸ ਕਰਨਗੇ।