ਪੱਤਰ ਪ੍ਰੇਰਕ
ਪਟਿਆਲਾ, 9 ਜੁਲਾਈ
‘ਸਾਹਿਤ ਕਲਸ਼ ਪਟਿਆਲਾ’ ਵੱਲੋਂ ਪ੍ਰਭਾਤ ਪਰਵਾਨਾ ਹਾਲ ਬਾਰਾਂਦਰੀ ਵਿੱਚ 16 ਪੁਸਤਕਾਂ ਦਾ ਲੋਕ ਅਰਪਣ, ਰਾਸ਼ਟਰੀ ਕਵੀ ਦਰਬਾਰ ਅਤੇ ਸਨਮਾਨ ਸਮਾਰੋਹ ਕੀਤਾ ਗਿਆ। ਇਸ ਮੌਕੇ ਵਿਸ਼ੇਸ਼ ਮਹਿਮਾਨ ਦੇ ਤੌਰ ’ਤੇ ਲਾਇਨ ਦਿਨੇਸ਼ ਸੂਦ, ਸੁਭਾਸ਼ ਡਾਬਰ, ਇੰਦਰਜੀਤ ਚੋਪੜਾ, ਡਾ. ਰਵੀ ਭੂਸ਼ਣ, ਪਵਨ ਗੋਇਲ ਤੇ ਤ੍ਰਿਲੋਕ ਢਿੱਲੋਂ ਪੁੱਜੇ। ਨਾਲ ਹੀ ਡਾ. ਪ੍ਰਤਿਭਾ ਗੁਪਤਾ ਮਾਹੀ, ਰਾਕੇਸ਼ ਬੈਂਸ, ਗੀਤਾ ਰਾਣੀ ਅਤੇ ਸਾਗਰ ਸੂਦ ਸੰਜੇ ਨੇ ਮੰਚ ਸਾਂਝਾ ਕੀਤਾ।
ਵਿਸ਼ੇਸ਼ ਤੌਰ ’ਤੇ ਸਨਮਾਨਿਤ ਸਾਹਿਤਕਾਰਾਂ ਵਿੱਚ ਵਿਨੈ ਕੁਮਾਰ ਮਲਹੋਤਰਾ (ਅੰਬਾਲਾ), ਰਮੇਸ਼ ਕਟਾਰੀਆ ਪਾਰਸ (ਗਵਾਲੀਅਰ), ਯੋਗਿੰਦਰ ਸਿੰਘ (ਮੇਰਠ), ਪਰਵਿੰਦਰ ਸ਼ੌਖ਼ (ਪਟਿਆਲਾ) ਤੇ ਹਰੀਦੱਤ ਹਬੀਬ (ਪਟਿਆਲਾ) ਨੂੰ ਰਾਜੇਂਦਰ ਸਾਹਿਤ ਗੌਰਵ ਸਨਮਾਨ 2024 ਦਿੱਤਾ ਗਿਆ। ਦੇਵਕੀ ਫਾਊਂਡੇਸ਼ਨ ਸਾਹਿਤ ਗੌਰਵ ਸਨਮਾਨ, ਅਜੀਤ ਕੁਮਾਰ ਸ੍ਰੀਵਾਸਤਵ (ਬਸਤੀ ਯੂ.ਪੀ.), ਲੱਜਿਆ ਦੇਵੀ ਸਾਹਿਤ ਸਨਮਾਨ 2024, ਕਿਸ਼ੋਰ ਸਿੰਘ ਚੌਹਾਨ (ਨਵੀਂ ਦਿੱਲੀ) ਨੂੰ ਦਿੱਤਾ ਗਿਆ। ਮਾਤਾ ਬੰਸੋ ਦੇਵੀ ਸਾਹਿਤ ਗੌਰਵ ਸਨਮਾਨ 2024 ਡਾ. ਨਵਦੀਵ ਬੰਸਲ (ਚੰਡੀਗੜ੍ਹ) ਤੇ ਮੋਹਿੰਦਰ ਸਿੰਘ ਜੱਗੀ (ਪਟਿਆਲਾ) ਨੂੰ ਦਿੱਤਾ ਗਿਆ। ਡਾ. ਮਨੋਜ ਕੁਮਾਰ ਸਾਹਿਤ ਸਨਮਾਨ 2024 ਸ੍ਰੀਮਤੀ ਕਾਂਤਾ ਵਰਮਾ (ਕਰਨਾਲ) ਨੂੰ ਭੇਟ ਕੀਤਾ। ਇਸੀ ਦੌਰਾਨ ਹਿੰਦੀ ਅਤੇ ਪੰਜਾਬੀ ਦੇ 10 ਲੇਖਕਾਂ ਦੀਆਂ 16 ਕਿਤਾਬਾਂ ਦਾ ਲੋਕ ਅਰਪਣ ਕੀਤਾ ਗਿਆ।