ਪੱਤਰ ਪ੍ਰੇਰਕ
ਮਾਨਸਾ, 9 ਜੁਲਾਈ
ਜਲੰਧਰ ਪੱਛਮੀ ਹਲਕੇ ਦੀ ਜ਼ਿਮਨੀ ਚੋਣ ਲਈ ਚੋਣ ਪ੍ਰਚਾਰ ਬੰਦ ਹੋਣ ਤੋਂ ਬਾਅਦ ਮਾਲਵਾ ਖੇਤਰ ਦੇ ਜਿਹੜੇ ਸਿਆਸੀ ਆਗੂਆਂ ਨੇ ਉਥੇ ਡੇਰੇ ਲਾਏ ਹੋਏ ਸਨ, ਉਨ੍ਹਾਂ ਦੀ ਕੱਲ੍ਹ ਸ਼ਾਮ ਨੂੰ ਘਰ ਵਾਪਸੀ ਹੋ ਗਈ ਹੈੈ। ਕਾਂਗਰਸ, ਭਾਜਪਾ ਅਤੇ ਆਪ ਦੇ ਮਾਲਵਾ ਦੇ ਵੱਡੀ ਪੱਧਰ ’ਤੇ ਨੇਤਾ ਉਥੇ ਗਏ ਹੋਏ ਸਨ ਪਰ ਸਭ ਤੋਂ ਵੱਧ ਆਗੂ ਸੱਤਾਧਾਰੀ ਧਿਰ ਦੇ ਸਨ। ‘ਆਪ’ ਕਾਰਜਕਾਰੀ ਪ੍ਰਧਾਨ ਪ੍ਰਿੰਸੀਪਲ ਬੁੱਧਰਾਮ ਨੇ ਇਸ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀ ਪਾਲਣਾ ਕਰਦਿਆਂ ਪਾਰਟੀ ਦੇ ਸਾਰੇ ਆਗੂਆਂ ਨੇ ਸ਼ਾਮ ਤੋਂ ਪਹਿਲਾਂ-ਪਹਿਲਾਂ ਘਰ ਵਾਪਸੀ ਕਰ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਜਲੰਧਰ ਦੀ ਜ਼ਿਮਨੀ ਚੋਣ ਵਿੱਚ ਆਮ ਆਦਮੀ ਪਾਰਟੀ ਨੂੰ ਵੱਡੀ ਜਿੱਤ ਹਾਸਲ ਹੋਵੇਗੀ ਅਤੇ ਲੋਕਾਂ ਵੱਲੋਂ ਮੁੱਖ ਮੰਤਰੀ ਤੇ ਹੋਰਨਾਂ ਵਜ਼ੀਰਾਂ ਦੀਆਂ ਅਪੀਲਾਂ-ਦਲੀਲਾਂ ਨੂੰ ਸਵੀਕਾਰ ਕਰਦਿਆਂ ਪਾਰਟੀ ਦੇ ਹੱਕ ਵਿੱਚ ਖੜ੍ਹਨ ਦਾ ਨਿਰਣਾ ਲੈ ਲਿਆ ਹੈ। ਪਾਰਟੀ ਦੇ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਅਤੇ ਵਿਧਾਇਕ ਡਾ. ਵਿਜੈ ਸਿੰਗਲਾ ਨੇ ਦੱਸਿਆ ਕਿ ਅੱਜ ਤੋਂ ਉਹ ਆਪੋ-ਆਪਣੇ ਹਲਕਿਆਂ ਦੇ ਲੋਕਾਂ ਦੀਆਂ ਤਕਲੀਫ਼ਾਂ ਲਈ ਬਕਾਇਦਾ ਹਾਜ਼ਰ ਹੋਏ ਹਨ ਅਤੇ ਮੀਂਹਾਂ ਤੋਂ ਬਚਾਅ ਲਈ ਮੁੱਢਲੇ ਬੰਦੋਬਸਤ ਕਰਨ ’ਚ ਰੁੱਝ ਗਏ ਹਨ।