ਪੱਤਰ ਪ੍ਰੇਰਕ
ਘਨੌਲੀ, 9 ਜੁਲਾਈ
ਪੁਲੀਸ ਚੌਕੀ ਘਨੌਲੀ ਦੀ ਟੀਮ ਵੱਲੋਂ 22 ਗ੍ਰਾਮ ਨਸ਼ੀਲੇ ਪਾਊਡਰ ਸਣੇ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਰੂਪਨਗਰ ਦੇ ਮੁਲਾਜ਼ਮ ਨੂੰ ਕਾਬੂ ਕੀਤਾ ਗਿਆ ਹੈ। ਚੌਕੀ ਇੰਚਾਰਜ ਹਰਮੇਸ਼ ਕੁਮਾਰ ਅਨੁਸਾਰ ਉਨ੍ਹਾਂ ਦੀ ਟੀਮ ਥਰਮਲ ਪਲਾਂਟ ਦੀ ਨੂੰਹੋਂ ਕਾਲੋਨੀ ਵਿੱਚ ਗਸ਼ਤ ਕਰ ਰਹੀ ਸੀ। ਇਸ ਦੌਰਾਨ ਰੇਲਵੇ ਫਾਟਕਾਂ ਨੇੜੇ ਆਉਂਦਾ ਵਿਅਕਤੀ ਪੁਲੀਸ ਨੂੰ ਦੇਖ ਵਾਪਸ ਮੁੜਨ ਲੱਗਿਆ। ਇਸੇ ਦੌਰਾਨ ਉਸ ਨੇ ਆਪਣੀ ਜੇਬ ਵਿੱਚੋਂ ਇੱਕ ਲਿਫਾਫਾ ਕੱਢ ਕੇ ਇੱਕ ਪਾਸੇ ਸੁੱਟ ਦਿੱਤਾ। ਪੁਲੀਸ ਨੇ ਜਦੋਂ ਉਸ ਨੂੰ ਕਾਬੂ ਕਰ ਕੇ ਸੁੱਟੇ ਗਏ ਲਿਫਾਫੇ ਨੂੰ ਚੈੱਕ ਕੀਤਾ ਤਾਂ ਉਸ ਵਿੱਚੋਂ ਚਿੱਟਾ ਨਸ਼ੀਲਾ ਪਾਊਡਰ ਬਰਾਮਦ ਹੋਇਆ, ਜਿਸ ਦਾ ਵਜ਼ਨ 22 ਗ੍ਰਾਮ ਪਾਇਆ ਗਿਆ। ਉਨ੍ਹਾਂ ਦੱਸਿਆ ਕਿ ਕਾਬੂ ਕੀਤੇ ਨੌਜਵਾਨ ਦੀ ਪਛਾਣ ਸੁਸ਼ੀਲ ਕੁਮਾਰ ਪੁੱਤਰ ਓਮ ਪ੍ਰਕਾਸ਼ ਵਾਸੀ ਘਨੌਲੀ ਵਜੋਂ ਹੋਈ ਹੈ, ਜਿਹੜਾ ਕਿ ਗੁਰੂ ਗੋਬਿੰਦ ਸਿੰਘ ਥਰਮਲ ਪਲਾਂਟ ਰੂਪਨਗਰ ਵਿੱਚ ਸਰਕਾਰੀ ਨੌਕਰੀ ਕਰਦਾ ਹੈ।