ਨਵੀਂ ਦਿੱਲੀ, 10 ਜੁਲਾਈ
ਸੱਤ ਸੂਬਿਆਂ ਵਿਚਲੇ 13 ਵਿਧਾਨ ਸਭਾ ਹਲਕਿਆਂ ਲਈ ਅੱਜ ਹੋਈਆਂ ਜ਼ਿਮਨੀ ਚੋਣਾਂ ਦੌਰਾਨ ਦਰਮਿਆਨੀ ਤੋਂ ਤੇਜ਼ ਵੋਟਿੰਗ ਦਰਜ ਕੀਤੀ ਗਈ। ਇਸ ਦੌਰਾਨ ਉੱਤਰਾਖੰਡ, ਬਿਹਾਰ ਤੇ ਪੱਛਮੀ ਬੰਗਾਲ ਵਿੱਚ ਹਿੰਸਾ ਦੀਆਂ ਇੱਕਾ-ਦੁੱਕਾ ਘਟਨਾਵਾਂ ਵਾਪਰੀਆਂ। ਵੋਟਿੰਗ ਦਾ ਸਮਾਂ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ ਸੀ। ਚੋਣ ਕਮਿਸ਼ਨ ਮੁਤਾਬਕ ਤਾਮਿਲਨਾਡੂ ਦੇ ਵਿਕਰਵਾਂਡੀ ਹਲਕੇ ਵਿੱਚ ਸਭ ਤੋਂ ਵੱਧ 82.48 ਫੀਸਦ ਵੋਟਿੰਗ ਦਰਜ ਕੀਤੀ ਗਈ। ਹਾਲ ਹੀ ਵਿੱਚ ਸੰਪੰਨ ਹੋਈਆਂ ਲੋਕ ਸਭਾ ਚੋਣਾਂ ਤੋਂ ਬਾਅਦ ਹੋਣ ਵਾਲੀਆਂ ਇਹ ਪਹਿਲੀਆਂ ਚੋਣਾਂ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਦੀ ਪਤਨੀ ਕਮਲੇਸ਼ ਠਾਕੁਰ ਸਣੇ ਕਈ ਉੱਘੇ ਆਗੂਆਂ ਅਤੇ ਪਹਿਲੀ ਵਾਰ ਚੋਣਾਂ ਲੜਨ ਵਾਲਿਆਂ ਦੇ ਭਵਿੱਖ ਦਾ ਫ਼ੈਸਲਾ ਕਰਨਗੀਆਂ। ਇਹ ਜ਼ਿਮਨੀ ਚੋਣਾਂ ਕਿਸੇ ਸੀਟ ’ਤੇ ਲੋਕ ਨੁਮਾਇੰਦੇ ਦੀ ਮੌਤ ਹੋਣ ਜਾਂ ਉਸ ਵੱਲੋਂ ਅਸਤੀਫ਼ਾ ਦਿੱਤੇ ਜਾਣ ਕਾਰਨ ਖਾਲੀ ਹੋਈਆਂ ਹਨ। ਖ਼ਬਰ ਲਿਖੇ ਜਾਣ ਤੱਕ ਉੱਤਰਾਖੰਡ, ਬਿਹਾਰ ਤੇ ਪੱਛਮੀ ਬੰਗਾਲ ਵਿੱਚ ਇੱਕਾ-ਦੁੱਕਾ ਹਿੰਸਕ ਘਟਨਾਵਾਂ ਨੂੰ ਛੱਡ ਕੇ ਬਾਕੀ ਚਾਰ ਸੂਬਿਆਂ ਵਿੱਚ ਇਹ ਚੋਣਾਂ ਅਮਨ-ਸ਼ਾਂਤੀ ਨਾਲ ਨੇਪਰੇ ਚੜ੍ਹੀਆਂ। ਮਿਲੀ ਜਾਣਕਾਰੀ ਅਨੁਸਾਰ ਮੰਗਲੌਰ ਵਿੱਚ 68.24 ਫੀਸਦ ਵੋਟਿੰਗ ਜਦਕਿ ਬਦਰੀਨਾਥ ’ਚ 49.80 ਫੀਸਦ ਵੋਟਿੰਗ ਦਰਜ ਕੀਤੀ ਗਈ। ਇਸੇ ਤਰ੍ਹਾਂ ਪੱਛਮੀ ਬੰਗਾਲ ਵਿੱਚ ਬਾਗਦਾਹ ਤੇ ਰਾਨਾਘਾਟ ਦੱਖਣੀ ਵਿੱਚ ਹਿੰਸਾ ਦੀਆਂ ਘਟਨਾਵਾਂ ਹੋਣ ਦੀਆਂ ਖ਼ਬਰਾਂ ਪ੍ਰਾਪਤ ਹੋਈਆਂ ਹਨ। ਪੱਛਮੀ ਬੰਗਾਲ ਵਿੱਚ ਰਾਏਗੰਜ ਸੀਟ ’ਤੇ ਸਭ ਤੋਂ ਵੱਧ 67.12 ਫੀਸਦ, ਰਾਨਾਘਾਟ ਦੱਖਣੀ ’ਚ 65.37 ਫੀਸਦ, ਬਾਗਦਾਹ ’ਚ 65.15 ਫੀਸਦ ਅਤੇ ਮਾਨਿਕਤਲਾ ’ਚ 51.39 ਫੀਸਦ ਵੋਟਿੰਗ ਦਰਜ ਕੀਤੀ ਗਈ। ਬਿਹਾਰ ਵਿੱਚ ਰੁਪੌਲੀ ਵਿਧਾਨ ਸਭਾ ਸੀਟ ’ਤੇ 57.25 ਫੀਸਦ ਵੋਟਿੰਗ ਦਰਜ ਕੀਤੀ ਗਈ। -ਪੀਟੀਆਈ
ਹਿਮਾਚਲ ਪ੍ਰਦੇਸ਼: ਨਾਲਾਗੜ੍ਹ ਵਿੱਚ ਸਭ ਤੋਂ ਵੱਧ 78.1 ਫ਼ੀਸਦ ਵੋਟਿੰਗ
ਸ਼ਿਮਲਾ: ਹਿਮਾਚਲ ਪ੍ਰਦੇਸ਼ ਵਿੱਚ ਅੱਜ ਤਿੰਨ ਵਿਧਾਨ ਸਭਾ ਹਲਕਿਆਂ ਦੀਆਂ ਹੋਈਆਂ ਜ਼ਿਮਨੀ ਚੋਣਾਂ ਵਿੱਚ ਕੁੱਲ 71 ਫੀਸਦ ਵੋਟਿੰਗ ਦਰਜ ਕੀਤੀ ਗਈ। ਸਭ ਤੋਂ ਵੱਧ 78.1 ਫ਼ੀਸਦ ਵੋਟਿੰਗ ਨਾਲਾਗੜ੍ਹ ਵਿਧਾਨ ਸਭਾ ਹਲਕੇ ਵਿੱਚ ਦਰਜ ਕੀਤੀ ਗਈ। ਇਸ ਤੋਂ ਬਾਅਦ ਹਮੀਰਪੁਰ ਵਿਧਾਨ ਸਭਾ ਸੀਟ ’ਤੇ 67.1 ਫੀਸਦ ਅਤੇ ਦੇਹਰਾ ਵਿਧਾਨ ਸਭਾ ਹਲਕੇ ਵਿੱਚ 65.2 ਫ਼ੀਸਦ ਵੋਟਿੰਗ ਦਰਜ ਕੀਤੀ ਗਈ। ਇਹ ਜਾਣਕਾਰੀ ਸੂਬੇ ਦੇ ਚੋਣ ਵਿਭਾਗ ਨੇ ਦਿੱਤੀ। ਦੇਹਰਾ ਹਲਕੇ ਤੋਂ ਕਾਂਗਰਸ ਦੀ ਟਿਕਟ ’ਤੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਦੀ ਪਤਨੀ ਕਮਲੇਸ਼ ਠਾਕੁਰ ਚੋਣ ਲੜ ਰਹੀ ਹੈ, ਇਸ ਵਾਸਤੇ ਇਸ ਸੀਟ ਤੋਂ ਮੁੱਖ ਮੰਤਰੀ ਤੇ ਕਾਂਗਰਸ ਦਾ ਵੱਕਾਰ ਦਾਅ ’ਤੇ ਲੱਗਾ ਹੋਇਆ ਹੈ। -ਪੀਟੀਆਈ