ਜੰਮੂ, 10 ਜੁਲਾਈ
ਜੰਮੂ ਕਸ਼ਮੀਰ ਦੇ ਕਠੂਆ ਜ਼ਿਲ੍ਹੇ ’ਚ ਦਹਿਸ਼ਤਗਰਦਾਂ ਵੱਲੋਂ ਘਾਤ ਕੀਤੇ ਹਮਲੇ ਜਿਸ ਵਿੱਚ ਪੰਜ ਜਵਾਨ ਸ਼ਹੀਦ ਹੋ ਗਏ ਸਨ, ਦੇ ਸਬੰਧ ’ਚ ਪੁੱਛ ਪੜਤਾਲ ਲਈ ਘੱਟੋ-ਘੱਟ 24 ਵਿਅਕਤੀਆਂ ਨੂੰ ਹਿਰਾਸਤ ’ਚ ਲਿਆ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਕਠੂਆ ’ਚ ਫੌਜ ਦੇ ਕਾਫਲੇ ’ਤੇ ਕੀਤੇ ਗਏ ਹਮਲੇ ’ਚ ਸ਼ਾਮਲ ਦਹਿਸ਼ਤਗਰਦਾਂ ਦੀ ਭਾਲ ਲਈ ਤਲਾਸ਼ੀ ਮੁਹਿੰਮ ਅੱਜ ਤੀਜੇ ਦਿਨ ਵੀ ਜਾਰੀ ਰਹੀ। ਇਸ ਤੋਂ ਇਲਾਵਾ ਵਿਸ਼ੇਸ਼ ਇਲਾਕਿਆਂ ’ਚ ਸਰਜੀਕਲ ਅਪਰੇਸ਼ਨਾਂ ਲਈ ਫੌਜ ਦੇ ਵਿਸ਼ੇਸ਼ ਬਲਾਂ ਦੀ ‘ਪੈਰਾ’ ਯੂਨਿਟ ਦੇ ਜਵਾਨਾਂ ਨੂੰ ਵੀ ਤਾਇਨਾਤ ਕੀਤਾ ਗਿਆ ਹੈ।
ਦੱਸਣਯੋਗ ਹੈ ਕਿ ਸੋਮਵਾਰ ਨੂੰ ਮਛੇਦੀ-ਕਿੰਡਲੀ-ਮਲਹਾਰ ਪਹਾੜੀਆਂ ’ਚ ਦਹਿਸ਼ਤਗਰਦਾਂ ਵੱਲੋਂ ਕੀਤੇ ਹਮਲੇ ’ਚ ਇੱਕ ਜੇਸੀਓ ਸਣੇ ਪੰਜ ਜਵਾਨ ਸ਼ਹੀਦ ਹੋ ਗਏ ਸਨ ਅਤੇ ਕਈ ਹੋਰ ਜ਼ਖਮੀ ਹੋਏ ਸਨ। ਅਧਿਕਾਰੀਆਂ ਨੇ ਦੱਸਿਆ ਕਿ ਭਾਰੀ ਮੀਂਹ ਦੇ ਬਾਵਜੂਦ ਫੌਜ ਤੇ ਪੁਲੀਸ ਵੱਲੋਂ ਕਠੂਆ ਸਣੇ ਚਾਰ ਜ਼ਿਲ੍ਹਿਆਂ ਦੇ ਸੰਘਣੇ ਜੰਗਲਾਂ ’ਚ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ। ਇਹ ਮੁਹਿੰਮ ਤਿੰਨ ਵੱਖ-ਵੱਖ ਇਲਾਕਿਆਂ ਕਠੂਆ, ਊਧਮਪੁਰ ਤੇ ਭੱਦਰਵਾਹ ਤੋਂ ਸ਼ੁਰੂ ਕੀਤੀ ਗਈ। ਉਨ੍ਹਾਂ ਦੱਸਿਆ ਕਿ ਸੁਰੱਖਿਆ ਬਲਾਂ ਨੇ ਹਮਲੇ ਦੇ ਸਬੰਧ ’ਚ ਪੁੱਛ ਪੜਤਾਲ ਲਈ ਘੱਟੋ-ਘੱਟ 24 ਵਿਅਕਤੀਆਂ ਨੂੰ ਹਿਰਾਸਤ ’ਚ ਲਿਆ ਅਤੇ ਸੰਭਾਵੀ ਤੌਰ ’ਤੇ ਜੰਗਲਾਂ ’ਚ ਲੁਕੇ ਦਹਿਸ਼ਤਗਰਦਾਂ ਦੀ ਪੈੜ ਨੱਪਣ ਅਤੇ ਉਨ੍ਹਾਂ ਨੂੰ ਖਤਮ ਕਰਨ ਦੀਆਂ ਕੋਸ਼ਿਸ਼ਾਂ ਜਾਰੀ ਹਨ। ਅਧਿਕਾਰੀਆਂ ਨੇ ਕਿਹਾ ਕਿ ਅੱਜ ਸਵੇਰੇ ਸਾਂਬਾ ਦੇ ਲਾਲਾ ਚੱਕ ਇਲਾਕੇ, ਰਾਜੌਰੀ ਦੇ ਮੰਜਾਕੋਟ ਅਤੇ ਪੁਣਛ ਦੇ ਸੂਰਨਕੋਟ ਵਿੱਚ ਵੀ ਤਲਾਸ਼ੀ ਮੁਹਿੰਮ ਵਿੱਢੀ ਗਈ ਹੈ।
ਉਨ੍ਹਾਂ ਦੱਸਿਆ ਕਿ ਡੋਡਾ ਜ਼ਿਲ੍ਹੇ ਦੇ ਉਪਰਲੇ ਇਲਾਕਿਆਂ ’ਚ ਵੀ ਤਲਾਸ਼ੀ ਮੁਹਿੰਮ ਜਾਰੀ ਹੈ। -ਪੀਟੀਆਈ
ਰਿਆਸੀ ’ਚੋਂ ਪੁਲੀਸ ਮੁਲਾਜ਼ਮ ਦੀ ਲਾਸ਼ ਮਿਲੀ
ਜੰਮੂ: ਜੰਮੂ ਕਸ਼ਮੀਰ ਦੇ ਰਿਆਸੀ ਜ਼ਿਲ੍ਹੇ ’ਚ ਕੱਟਲ ਗਰਾਂ ਮੋੜ ਨੇੜੇ ਉਦਯੋਗਿਕ ਇਲਾਕੇ ’ਚੋਂ ਅੱਜ ਇੱਕ ਪੁਲੀਸ ਮੁਲਾਜ਼ਮ ਦੀ ਲਾਸ਼ ਮਿਲੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਮ੍ਰਿਤਕ ਮੁਲਾਜ਼ਮ ਦੀ ਪਛਾਣ ਜ਼ਹੂਰ ਅਹਿਮਦ (35) ਵਾਸੀ ਪਿੰਡ ਮਰੀ ਵਜੋਂ ਹੋਈ ਹੈ। ਜ਼ਹੂਰ ਕਿਸ਼ਤਵਾੜ ਜ਼ਿਲ੍ਹੇ ’ਚ ਤਾਇਨਾਤ ਸੀ। ਅਧਿਕਾਰੀਆਂ ਨੇ ਦੱਸਿਆ ਕਿ ਜ਼ਹੂਰ ਅਹਿਮਦ ਦੀ ਲਾਸ਼ ਪੋਸਟਮਾਰਟਮ ਲਈ ਰਿਆਸੀ ਜ਼ਿਲ੍ਹਾ ਹਸਪਤਾਲ ਭੇਜ ਦਿੱਤੀ ਗਈ ਹੈ। -ਪੀਟੀਆਈ