ਦਰਸ਼ਨ ਸਿੰਘ ਸੋਢੀ/ ਗੁਰਨਾਮ ਸਿੰਘ ਚੌਹਾਨ
ਐਸਏਐਸ ਨਗਰ (ਮੁਹਾਲੀ)/ਪਾਤੜਾਂ, 10 ਜੁਲਾਈ
ਪੰਜਾਬ ਵਿਜੀਲੈਂਸ ਬਿਊਰੋ ਨੇ ਸਟਿੰਗ ਅਪਰੇਸ਼ਨ ਦੌਰਾਨ ਹਰਿਆਣਾ ਅਤੇ ਪੰਜਾਬ ਦੀ ਸਾਂਝੀ ਪ੍ਰੀ-ਕਨਸੈਪਸ਼ਨ ਅਤੇ ਪ੍ਰੀ-ਨੈਟਲ ਡਾਇਗਨੌਸਟਿਕ ਤਕਨੀਕ (ਪੀਸੀਪੀਐੱਨਡੀਟੀ) ਟੀਮ ਦੇ ਚਾਰ ਮੈਂਬਰਾਂ ਨੂੰ 70 ਹਜ਼ਾਰ ਰੁਪਏ ਰਿਸ਼ਵਤ ਲੈਂਦਿਆਂ ਗ੍ਰਿਫ਼ਤਾਰ ਕੀਤਾ ਹੈ।
ਮੁਲਜ਼ਮਾਂ ਦੀ ਪਛਾਣ ਸਿਵਲ ਹਸਪਤਾਲ ਸਿਰਸਾ ਵਿੱਚ ਫਾਰਮਾਸਿਸਟ ਵਜੋਂ ਤਾਇਨਾਤ ਦੀਪਕ ਗੋਇਲ (ਜ਼ਿਲ੍ਹਾ ਕੋਆਰਡੀਨੇਟਰ ਪੀਐੱਨਡੀਟੀ), ਸਿਵਲ ਸਰਜਨ ਬਰਨਾਲਾ ਵਿੱਚ ਤਾਇਨਾਤ ਗੁਰਜੀਤ ਸਿੰਘ, ਸਿਵਲ ਸਰਜਨ ਦਫ਼ਤਰ ਬਠਿੰਡਾ ਵਿੱਚ ਦਰਜਾ ਚਾਰ ਮੁਲਾਜ਼ਮ ਵਜੋਂ ਤਾਇਨਾਤ ਰਾਜ ਸਿੰਘ ਅਤੇ ਸਿਵਲ ਸਰਜਨ ਦਫ਼ਤਰ ਸਿਰਸਾ ਦੇ ਡਰਾਈਵਰ ਸੁਰਿੰਦਰ ਸਿੰਘ ਵਜੋਂ ਹੋਈ ਹੈ। ਮੁਹਾਲੀ ਅਦਾਲਤ ਨੇ ਸਾਰੇ ਮੁਲਜ਼ਮਾਂ ਨੂੰ ਪੰਜ ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ ਹੈ। ਜ਼ਿਲ੍ਹਾ ਪਟਿਆਲਾ ਦੇ ਕਸਬਾ ਪਾਤੜਾਂ ਵਿੱਚ ਤਿੰਨ ਦਹਾਕਿਆਂ ਤੋਂ ਮਹਾਵੀਰ ਹਸਪਤਾਲ ਚਲਾ ਰਹੇ ਡਾ. ਅਸ਼ੋਕ ਕੁਮਾਰ ਨੇ ਵਿਜੀਲੈਂਸ ਨਾਲ ਤਾਲਮੇਲ ਕਰ ਕੇ ਦੋਸ਼ ਲਾਇਆ ਕਿ ਸੁਰੇਂਦਰ ਬੈਨੀਵਾਲ ਨੇ ਵਟਸਐਪ ਰਾਹੀਂ ਉਸ ਨਾਲ ਸੰਪਰਕ ਕੀਤਾ ਅਤੇ ਉਸ ਤੋਂ ਗੈਰ-ਕਾਨੂੰਨੀ ਅਲਟਰਾਸਾਊਂਡ ਲਿੰਗ ਨਿਰਧਾਰਨ ਕਰਨ ਦੀ ਖੁੱਲ੍ਹ ਦੇਣ ਬਦਲੇ 70 ਹਜ਼ਾਰ ਰੁਪਏ ਦੀ ਰਿਸ਼ਵਤ ਮੰਗੀ।
ਇਸ ਮਗਰੋਂ ਵਿਜੀਲੈਂਸ ਨੇ ਮੁਹਾਲੀ ਸਥਿਤ ਵਿਜੀਲੈਂਸ ਦੇ ਉਡਣ ਦਸਤਾ-1 ਥਾਣੇ ਵਿੱਚ ਸੁਰੇਂਦਰ ਬੈਨੀਵਾਲ ਖ਼ਿਲਾਫ਼ ਕੇਸ ਦਰਜ ਕੀਤਾ। ਮੁਲਜ਼ਮਾਂ ਦੀ ਟੀਮ ਪਾਤੜਾਂ ਵਿੱਚ ਇੱਕ ਹੋਟਲ ’ਤੇ ਫਰਜ਼ੀ ਮਹਿਲਾ ਮਰੀਜ਼ ਤੋਂ ਰਿਸ਼ਵਤ ਦੀ ਰਕਮ ਵਸੂਲਣ ਲਈ ਪਹੁੰਚੀ ਤਾਂ ਵਿਜੀਲੈਂਸ ਦੀ ਟੀਮ ਨੇ ਚਾਰੇ ਮੈਂਬਰਾਂ ਨੂੰ ਰਿਸ਼ਵਤ ਲੈਂਦਿਆਂ ਮੌਕੇ ’ਤੇ ਹੀ ਕਾਬੂ ਕਰ ਲਿਆ।
ਬਠਿੰਡਾ ਹਸਪਤਾਲ ਦੀਆਂ ਜਥੇਬੰਦੀਆਂ ਦਰਜਾ ਚਾਰ ਮੁਲਾਜ਼ਮ ਦੇ ਹੱਕ ’ਚ ਡਟੀਆਂ
ਬਠਿੰਡਾ (ਮਨੋਜ ਸ਼ਰਮਾ): ਇੱਥੇ ਅੱਜ ਵੱਖ-ਵੱਖ ਜਥੇਬੰਦੀਆਂ ਮੁਹਾਲੀ ਵਿਜੀਲੈਂਸ ਦੀ ਟੀਮ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਪੀਐੱਨਡੀਟੀ ਟੀਮ ਦੇ ਚਾਰ ਮੈਂਬਰਾਂ ’ਚੋਂ ਇੱਕ ਰਾਜ ਸਿੰਘ ਦੇ ਹੱਕ ਵਿੱਚ ਡਟ ਗਈਆਂ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਦਰਜਾ ਚਾਰ ਮੁਲਾਜ਼ਮ ਨੂੰ ਵਿਜੀਲੈਂਸ ਵੱਲੋਂ ਝੂਠੇ ਕੇਸ ਵਿੱਚ ਫਸਾਇਆ ਜਾ ਰਿਹਾ ਹੈ। ਇਸ ਦੇ ਰੋਸ ਵਜੋਂ ਅੱਜ ਬਠਿੰਡੇ ਦੇ ਸਰਕਾਰੀ ਹਸਪਤਾਲ ਦੀਆਂ ਮੈਡੀਕਲ ਸੇਵਾਵਾਂ ਚਾਰ ਘੰਟੇ ਤੱਕ ਬੰਦ ਰੱਖੀਆਂ ਗਈਆਂ। ਇਸ ਮੌਕੇ ਐੱਨਐੱਚਐੱਮ ਦੇ ਜ਼ਿਲ੍ਹਾ ਪ੍ਰਧਾਨ ਨਰਿੰਦਰ ਕੁਮਾਰ ਅਤੇ ਪੈਰਾ-ਮੈਡੀਕਲ ਸਟਾਫ ਦੇ ਆਗੂ ਗਗਨਦੀਪ ਸਿੰਘ ਭੁੱਲਰ ਨੇ ਕਿਹਾ ਕਿ ਰਾਜ ਸਿੰਘ ਦਾ ਕੋਈ ਕਸੂਰ ਨਹੀਂ ਹੈ। ਬਠਿੰਡਾ ਦੇ ਸਿਵਲ ਸਰਜਨ ਤੇਜਵੰਤ ਸਿੰਘ ਢਿੱਲੋਂ ਨੇ ਕਿਹਾ ਕਿ ਉਹ ਇਸ ਮਾਮਲੇ ਵਿੱਚ ਗ੍ਰਿਫ਼ਤਾਰ ਕੀਤੇ ਗਏ ਮੁਲਾਜ਼ਮ ਬਾਰੇ ਕੋਈ ਟਿੱਪਣੀ ਨਹੀਂ ਕਰ ਸਕਦੇ।