ਕੋਲਕਾਤਾ, 11 ਜੁਲਾਈ
ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਹਾਲ ਹੀ ’ਚ ਉੱਤਰ 24 ਪਰਗਨਾ ਜ਼ਿਲ੍ਹੇ ਦੇ ਅਰੀਆਦਾਹ ’ਚ ਹਜੂਮੀ ਹਮਲੇ ਦੀ ਘਟਨਾ ਨੂੰ ਲੈ ਕੇ ਅੱਜ ਭਾਜਪਾ ਤੇ ਮੀਡੀਆ ਦੇ ਇਕ ਹਿੱਸੇ ’ਤੇ ਸੂਬੇ ਦੀ ਸਾਖ ਖਰਾਬ ਕਰਨ ਦਾ ਦੋਸ਼ ਲਾਇਆ ਹੈ।
ਕੋਲਕਾਤਾ ਹਵਾਈ ਅੱਡੇ ’ਤੇ ਬੈਨਰਜੀ ਨੇ ਕਿਹਾ ਕਿ 2021 ਦੀ ਜਿਸ ਘਟਨਾ ਦੀ ਵੀਡੀਓ ਵਾਇਰਲ ਹੋਈ ਹੈ ਉਦੋਂ ਬੈਰਕਪੁਰ ਲੋਕ ਸਭਾ ਤੋਂ ਭਾਜਪਾ ਦੇ ਅਰਜਨ ਸਿੰਘ ਸੰਸਦ ਮੈਂਬਰ ਸਨ। ਉਨ੍ਹਾਂ ਨੇ ਟੀਵੀ ਚੈਨਲਾਂ ਦੇ ਇੱਕ ਵਰਗ ’ਤੇ ਬੁੱਧਵਾਰ ਨੂੰ ਜ਼ਿਮਨੀ ਚੋਣ ਤੋਂ ਪਹਿਲਾਂ ਭਾਜਪਾ ਦੇ ਇਸ਼ਾਰੇ ’ਤੇ ਉਹ ਪੁਰਾਣੀ ਵੀਡੀਓ ਵਾਰ ਦਿਖਾਉਣ ਦਾ ਦੋਸ਼ ਲਾਇਆ। ਮਮਤਾ ਬੈਨਰਜੀ ਨੇ ਆਖਿਆ, ‘‘ਮੀਡੀਆ ਦੇ ਇੱਕ ਹਿੱਸੇ ਅਤੇ ਭਾਜਪਾ ਨੂੰ ਬੰਗਾਲ ’ਚ ਮਿਲੀ ਹਾਰ ਹਜ਼ਮ ਨਹੀਂ ਹੋ ਰਹੀ, ਜਿਸ ਕਰਕੇ ਉਹ ਸੂਬੇ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਨੇ ਜੋ ਕਾਂਡ ਕੀਤਾ, ਉਹ ਬੰਗਾਲ ਦੀਆਂ ਕਦਰਾਂ ਕੀਮਤਾਂ ਦੇ ਅਨੁਕੂਲ ਨਹੀਂ ਹੈ। ਉਨ੍ਹਾਂ ਨੇ 2021 ਦੀ ਇੱਕ ਘਟਨਾ ਬਾਰੇ ਲਗਾਤਾਰ 72 ਘੰਟੇ ਇੱਕਪਾਸੜ ਖ਼ਬਰ ਪੇਸ਼ ਕੀਤੀ।’’ -ਪੀਟੀਆਈ