ਲੰਡਨ:
ਕੌਮਾਂਤਰੀ ਕ੍ਰਿਕਟ ਤੋਂ ਕੁੱਝ ਦਿਨ ਪਹਿਲਾਂ ਸੰਨਿਆਸ ਲੈਣ ਵਾਲੇ ਇੰਗਲੈਂਡ ਦੇ ਤੇਜ਼ ਗੇਂਦਬਾਜ਼ ਜੇਮਜ਼ ਐਂਡਰਸਨ ਅਨੁਸਾਰ ਉਸ ਨੇ ਆਪਣੇ ਲੰਬੇ ਕਰੀਅਰ ਦੌਰਾਨ ਭਾਰਤ ਦੇ ਮਹਾਨ ਬੱਲੇਬਾਜ਼ ਸਚਿਨ ਤੇਂਦੁਲਕਰ ਖ਼ਿਲਾਫ਼ ਗੇਂਦਬਾਜ਼ੀ ਦਾ ਸਭ ਤੋਂ ਵੱਧ ਲੁਤਫ਼ ਉਠਾਇਆ ਹੈ। ਵੈਸਟਇੰਡੀਜ਼ ਖ਼ਿਲਾਫ਼ ਲਾਰਡਜ਼ ਵਿੱਚ ਇੰਗਲੈਂਡ ਲਈ ਆਪਣਾ 188ਵਾਂ ਟੈਸਟ ਖੇਡ ਰਹੇ ਐਂਡਰਸਨ ਇਸ ਮੈਚ ਮਗਰੋਂ ਸੰਨਿਆਸ ਲੈ ਲਵੇਗਾ। ਐਂਡਰਸਨ ਨੇ ਭਾਵੇਂ ਤੇਂਦੁਲਕਰ ਨੂੰ ਨੌਂ ਮੌਕਿਆਂ ’ਤੇ ਆਊਟ ਕੀਤਾ ਹੋਵੇ ਪਰ ਉਹ ਭਾਰਤੀ ਮਾਸਟਰ ਬਲਾਸਟਰ ਖ਼ਿਲਾਫ਼ ਕੋਈ ਤੈਅ ਯੋਜਨਾ ਨਹੀਂ ਬਣਾ ਸਕਿਆ ਸੀ। ਜਦੋਂ ਐਂਡਰਸਨ ਤੋਂ ਪੁੱਛਿਆ ਗਿਆ ਕਿ ਗੇਂਦਬਾਜ਼ੀ ਲਈ ਸਭ ਤੋਂ ਮੁਸ਼ਕਲ ਬੱਲੇਬਾਜ਼ ਕੌਣ ਰਿਹਾ ਤਾਂ ਉਸ ਨੇ ਕਿਹਾ, ‘‘ਮੈਨੂੰ ਕਹਿਣਾ ਹੀ ਪਵੇਗਾ ਕਿ ਸਚਿਨ ਤੇਂਦੁਲਕਰ ਸਰਵੋਤਮ ਬੱਲੇਬਾਜ਼ ਹੈ।’’ -ਪੀਟੀਆਈ