ਪੱਤਰ ਪ੍ਰੇਰਕ
ਫਰੀਦਾਬਾਦ, 11 ਜੁਲਾਈ
ਗੁਰੂਗ੍ਰਾਮ ਮੈਟਰੋਪੋਲੀਟਨ ਡਿਵੈਲਪਮੈਂਟ ਅਥਾਰਿਟੀ (ਜੀਐੱਮਡੀਏ) ਦੀ 13ਵੀਂ ਮੀਟਿੰਗ ਅੱਜ ਚੰਡੀਗੜ੍ਹ ਵਿਖੇ ਮੁੱਖ ਮੰਤਰੀ ਨਾਇਬ ਸਿੰਘ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੌਰਾਨ ਵਿੱਤੀ ਸਾਲ 2024-25 ਲਈ 2887.32 ਕਰੋੜ ਰੁਪਏ ਦੇ ਬਜਟ ਪ੍ਰਸਤਾਵ ਨੂੰ ਪ੍ਰਵਾਨਗੀ ਦਿੱਤੀ ਗਈ। ਮੀਟਿੰਗ ਵਿੱਚ ਸ਼ਹਿਰ ਦੀ ਨਿਗਰਾਨੀ ਲਈ ਸੀਸੀਟੀਵੀ ਕੈਮਰਿਆਂ ਦੀ ਸਮਰੱਥਾ ਵਧਾਉਣ ਅਤੇ ਵਧੀਆ ਟਰੈਫਿਕ ਪ੍ਰਬੰਧਨ, ਨਵੇਂ ਵਾਟਰ ਟਰੀਟਮੈਂਟ ਪਲਾਂਟਾਂ ਦੀ ਉਸਾਰੀ ਅਤੇ ਮੌਜੂਦਾ ਪਲਾਂਟਾਂ ਦੀ ਸਮਰੱਥਾ ਵਧਾਉਣ ਸਣੇ ਵੱਖ-ਵੱਖ ਏਜੰਡਿਆਂ ’ਤੇ ਚਰਚਾ ਕੀਤੀ ਗਈ। ਜੀਐੱਮਡੀਏ ਅਥਾਰਿਟੀ ਨੇ ਸ਼ਹਿਰ ਦੀ ਨਿਗਰਾਨੀ ਅਤੇ ਬਿਹਤਰ ਟ੍ਰੈਫਿਕ ਪ੍ਰਬੰਧਨ ਲਈ 422 ਕਰੋੜ ਰੁਪਏ ਦੀ ਅਨੁਮਾਨਿਤ ਲਾਗਤ ਨਾਲ ਸੀਸੀਟੀਵੀ ਪ੍ਰਾਜੈਕਟ ਦੇ ਫੇਜ਼-3 ਨੂੰ ਲਾਗੂ ਕਰਨ ਦੀ ਪ੍ਰਵਾਨਗੀ ਦਿੱਤੀ। ਇਸ ਤਹਿਤ ਵੱਖ-ਵੱਖ ਥਾਵਾਂ ’ਤੇ ਉੱਚ ਗੁਣਵੱਤਾ ਵਾਲੇ ਸੀਸੀਟੀਵੀ ਕੈਮਰੇ ਲਗਾਏ ਜਾਣਗੇ, ਜਿਸ ਕਾਰਨ ਮੌਜੂਦਾ ਸਮੇਂ ਵਿੱਚ ਲਗਾਏ ਗਏ 4000 ਸੀਸੀਟੀਵੀ ਤੋਂ ਵਧ ਕੇ 14000 ਦੇ ਕਰੀਬ ਹੋ ਜਾਣਗੇ। ਮੀਟਿੰਗ ਨੇ ਸੈਕਟਰ 45-46-51-52 ਦੇ ਜੰਕਸ਼ਨ ’ਤੇ ਆਵਾਜਾਈ ਦੀ ਭੀੜ ਨੂੰ ਘੱਟ ਕਰਨ ਲਈ ਫਲਾਈਓਵਰ ਦੇ ਨਿਰਮਾਣ ਨੂੰ ਵੀ ਪ੍ਰਵਾਨਗੀ ਦਿੱਤੀ, ਜਿਸ ਲਈ 52 ਕਰੋੜ ਰੁਪਏ ਦੀ ਰਾਸ਼ੀ ਮਨਜ਼ੂਰ ਕੀਤੀ ਗਈ ਹੈ। ਇਸੇ ਤਰ੍ਹਾਂ ਸੈਕਟਰ 85-86-89-90 ਦੇ ਚੌਰਾਹੇ ’ਤੇ 59 ਕਰੋੜ ਰੁਪਏ ਦੀ ਲਾਗਤ ਨਾਲ ਇੱਕ ਹੋਰ ਫਲਾਈਓਵਰ ਬਣਾਇਆ ਜਾਵੇਗਾ। ਖਿਡਾਰੀਆਂ ਲਈ ਅਤਿ-ਆਧੁਨਿਕ ਖੇਡ ਬੁਨਿਆਦੀ ਢਾਂਚਾ ਵਿਕਸਤ ਕਰਨ ਲਈ, ਜੀਐੱਮਡੀਏ ਅਥਾਰਿਟੀ ਨੇ 634.30 ਕਰੋੜ ਰੁਪਏ ਦੀ ਅਨੁਮਾਨਿਤ ਲਾਗਤ ਨਾਲ ਗੁਰੂਗ੍ਰਾਮ ਦੇ ਤਾਊ ਦੇਵੀ ਲਾਲ ਸਟੇਡੀਅਮ ਨੂੰ ਅੱਪਗ੍ਰੇਡ ਕਰਨ ਨੂੰ ਪ੍ਰਵਾਨਗੀ ਦਿੱਤੀ।