ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 11 ਜੁਲਾਈ
ਆਮ ਆਦਮੀ ਪਾਰਟੀ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਅਨੁਰਾਗ ਢਾਂਡਾ ਨੇ ਕਿਹਾ ਕਿ ਹਰਿਆਣਾ ਸਰਕਾਰ ਨੇ ਸ਼ੰਭੂ ਬਾਰਡਰ ਨੂੰ ਗੈਰ ਸੰਵਿਧਾਨਕ ਤੌਰ ’ਤੇ ਬੰਦ ਕੀਤਾ ਹੋਇਆ ਹੈ। ਭਾਜਪਾ ਸਰਕਾਰ ਨੇ ਨਾ ਸਿਰਫ ਕਿਸਾਨਾਂ ’ਤੇ ਤਸ਼ਦੱਦ ਕੀਤਾ ਹੈ ਸਗੋਂ ਆਰਥਿਕਤਾ ਨੂੰ ਵੀ ਭਾਰੀ ਸੱਟ ਮਾਰੀ ਹੈ। ਉਨ੍ਹਾਂ ਕਿਹਾ ਕਿ ਕਿਸਾਨ ਦਿੱਲੀ ਜਾਣਾ ਚਾਹੁੰਦੇ ਹਨ ਇਸ ਲਈ ਬਾਰਡਰ ਖੋਲ੍ਹਿਆ ਜਾਵੇ।
ਹਾਈ ਕੋਰਟ ਨੇ ਵੀ ਹੁਕਮ ਦਿੱਤਾ ਹੈ ਕਿ ਸਰਕਾਰ ਹਫਤੇ ਵਿੱਚ ਬਾਰਡਰ ਖੋਲ੍ਹੇ। ਉਨ੍ਹਾਂ ਕਿਹਾ ਕਿ ਅੱਜ ਹਾਈ ਕੋਰਟ ਦੇ ਹੁਕਮਾਂ ਮਗਰੋਂ ਇਹ ਪੱਕਾ ਹੋ ਗਿਆ ਹੈ ਕਿ ਇਹ ਸੜਕ ਕਿਸਾਨਾਂ ਕਾਰਨ ਬੰਦ ਨਹੀਂ ਸੀ ,ਬਲਕਿ ਪੁਲੀਸ ਨੇ ਸੀਮਿੰਟਿਡ ਬੈਰੀਕੇਡ ਲਾ ਕੇ ਰੋਡ ਜਾਮ ਕੀਤਾ ਹੋਇਆ ਸੀ। ਉਨ੍ਹਾਂ ਹਾਈ ਕੋਰਟ ਦੇ ਫੈਸਲੇ ਦਾ ਸਵਾਗਤ ਕੀਤਾ। ਉਨ੍ਹਾਂ ਕਿਹਾ ਕਿ ਸੂਬੇ ਵਿਚ ਦਿਨੋਂ ਦਿਨ ਗੋਲੀਬਾਰੀ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਜਿਸ ਰਾਜ ਵਿਚ ਪੁਲੀਸ ਤੇ ਸੱਤਾਧਾਰੀ ਪਾਰਟੀ ਦੇ ਆਗੂ ਸੁਰੱਖਿਅਤ ਨਹੀਂ ਹਨ ਉਥੇ ਆਮ ਆਦਮੀ ਕਿਵੇਂ ਸੁਰੱਖਿਅਤ ਰਹੇਗਾ। ਉਨ੍ਹਾਂ ਕਿਹਾ ਕਿ ਹੁਣ ਤਕ ਫਿਰੌਤੀ ਗੈਂਗ ਸੱਤ ਜ਼ਿਲ੍ਹਿਆਂ ਵਿੱਚ ਫੈਲ ਚੁੱਕਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਆਪਣੀ ਅਗਵਾਈ ਹੇਠ ਬਣੀ ਸਰਕਾਰ ਨੂੰ ਸੰਭਾਲਣ ਵਿੱਚ ਨਾਕਾਮ ਰਹੇ ਹਨ। ਢਾਂਡਾ ਨੇ ਕਿਹਾ ਕਿ ਅੱਜ ਹਰਿਆਣਾ ਕੋਲ ਪੂਰੇ ਸਮੇਂ ਲਈ ਗ੍ਰਹਿ ਮੰਤਰੀ ਨਹੀਂ ਹੈ। ਉਨ੍ਹਾਂ ਕਿਹਾ ਕਿ ਕਿ ਅੰਬਾਲਾ ਕੈਂਟ ਤੋਂ ਵਿਧਾਇਕ ਅਨਿਲ ਵਿਜ ਨੂੰ ਭਾਜਪਾ ਵਿੱਚ ਗ੍ਰਹਿ ਮੰਤਰੀ ਹੋਣ ਦਾ ਤਜਰਬਾ ਹੈ ਤੇ ਮੁੱਖ ਮੰਤਰੀ ਨਾਇਬ ਸਿੰਘ ਆਪਣੀ ਨਿੱਜੀ ਅਸੁਰੱਖਿਆ ਕਾਰਨ ਉਨ੍ਹਾਂ ਨੂੰ ਗ੍ਰਹਿ ਮੰਤਰੀ ਨਹੀਂ ਬਣਾਉਣਾ ਚਾਹੁੰਦੇ।