ਅੰਬਾਲਾ (ਨਿੱਜੀ ਪੱਤਰ ਪ੍ਰੇਰਕ):
ਅੰਬਾਲਾ ਕੈਂਟ-ਜਗਾਧਰੀ ਰੋਡ ’ਤੇ ਲੰਘੀ ਰਾਤ ਐੱਸਡੀ ਕਾਲਜ ਦੇ ਲਾਗੇ ਇਕ ਟਰੱਕ ਵੱਲੋਂ ਟੱਕਰ ਮਾਰਨ ਕਰ ਕੇ ਐਕਟਿਵਾ ਸਵਾਰ ਤਾਨਿਆ (23) ਨਾਂ ਦੀ ਹੈਂਡਬਾਲ ਖਿਡਾਰਨ ਦੀ ਮੌਤ ਹੋ ਗਈ, ਜਦੋਂ ਕਿ ਉਸ ਦੇ ਪਿੱਛੇ ਬੈਠਾ ਰਵੀ ਕੁਮਾਰ ਜ਼ਖ਼ਮੀ ਹੋ ਗਿਆ। ਅੰਬਾਲਾ ਕੈਂਟ ਪੁਲੀਸ ਨੂੰ ਦਿੱਤੇ ਬਿਆਨ ਵਿਚ ਰਵੀ ਕੁਮਾਰ ਨੇ ਦੱਸਿਆ ਕਿ ਅਨੰਦ ਨਗਰ (ਬੋਹ) ਵਿਚ ਰਹਿਣ ਵਾਲੀ ਤਾਨਿਆ ਹੈਂਡਬਾਲ ਦੀ ਖਿਡਾਰਨ ਸੀ। ਲੰਘੀ ਰਾਤ ਉਹ ਦੋਵੇਂ ਐਕਟਿਵਾ ’ਤੇ ਅੰਬਾਲਾ ਕੈਂਟ ਤੋਂ ਘਰ ਜਾ ਰਹੇ ਸਨ। ਜਦੋਂ ਉਹ ਸੁਭਾਸ਼ ਪਾਰਕ ਵਾਲੀ ਲਾਲ ਬੱਤੀ ਕੋਲ ਪਹੁੰਚੇ ਤਾਂ ਤੇਜ਼ ਰਫ਼ਤਾਰ ਨਾਲ ਆ ਰਹੇ ਟਰੱਕ ਨੇ ਐਕਟਿਵਾ ਨੂੰ ਪਿੱਛੋਂ ਟੱਕਰ ਮਾਰ ਦਿੱਤੀ। ਉਹ ਦੋਵੇਂ ਸੜਕ ’ਤੇ ਡਿਗ ਪਏ। ਗੰਭੀਰ ਜ਼ਖ਼ਮੀ ਤਾਨਿਆ ਨੂੰ ਸਿਵਲ ਹਸਪਤਾਲ ਲਿਜਾਉਣ ’ਤੇ ਡਾਕਟਰ ਨੇ ਉਸ ਨੂੰ ਜੀਐੱਮਸੀਐੱਚ ਸੈਕਟਰ-32 ਰੈਫਰ ਕਰ ਦਿੱਤਾ ਪਰ ਉਸ ਦੀ ਰਾਹ ਵਿਚ ਹੀ ਮੌਤ ਹੋ ਗਈ। ਪੁਲੀਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।