ਕਰਮਜੀਤ ਸਿੰਘ ਚਿੱਲਾ
ਐੱਸ.ਏ.ਐੱਸ.ਨਗਰ (ਮੁਹਾਲੀ), 11 ਜੁਲਾਈ
ਸੀਟੂ ਦੀ ਕੇਂਦਰੀ ਕਮੇਟੀ ਦੇ ਸੱਦੇ ਉੱਤੇ ਅੱਜ ਇੱਥੋਂ ਦੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਸਾਹਮਣੇ ਸੀਟੂ ਵੱਲੋਂ ਜ਼ਿਲ੍ਹਾ ਪੱਧਰੀ ਤੇ ਧਰਨਾ ਦਿੱਤਾ ਗਿਆ। ਨਵੇਂ ਬਣੇ ਫੌਜਦਾਰੀ ਕਾਨੂੰਨਾਂ ਦੇ ਵਿਰੋਧ ਅਤੇ ਆਂਗਨਵਾੜੀ ਵਰਕਰਾਂ ਤੇ ਹੈਲਪਰਾਂ ਦੀਆਂ ਮੰਗਾਂ ਸਬੰਧੀ ਦਿੱਤੇ ਇਸ ਧਰਨੇ ਵਿੱਚ ਵੱਡੀ ਗਿਣਤੀ ਵਿੱਚ ਵੱਖ-ਵੱਖ ਵਿਭਾਗਾਂ ਦੀਆਂ ਸੀਟੂ ਦੀਆਂ ਯੂਨਿਟਾਂ ਨੇ ਸ਼ਮੂਲੀਅਤ ਕੀਤੀ। ਆਂਗਨਵਾੜੀ ਅਤੇ ਆਸ਼ਾ ਵਰਕਰਾਂ ਅਤੇ ਹੈਲਪਰਾਂ, ਸਿੱਖਿਆ ਬੋਰਡ ਦੇ ਡੇਲੀਵੇਜ਼ ਤੇ ਆਊਟਸੋਰਸ ਮੁਲਾਜ਼ਮ, ਪੀਐੱਸਆਈਈਸੀ ਦੇ ਕਾਮੇ ਵੀ ਵੱਡੀ ਗਿਣਤੀ ਵਿੱਚ ਪਹੁੰਚੇ। ਧਰਨਾਕਾਰੀਆਂ ਨੇ ਇਸ ਮੌਕੇ ਕੇਂਦਰ ਅਤੇ ਪੰਜਾਬ ਸਰਕਾਰ ਵਿਰੁਧ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਧਰਨੇ ਨੂੰ ਸੀਟੂ ਦੇ ਜਨਰਲ ਸਕੱਤਰ ਚੰਦਰ ਸੇਖਰ ਨਾਲ ਤੋਂ ਇਲਾਵਾ ਸੀਟੂ ਯੂਨੀਅਨ ਦੇ ਜ਼ਿਲ੍ਹਾ ਆਗੂਆਂ ਗੁਰਦੀਪ ਕੌਰ ਜ਼ਿਲ੍ਹਾ ਪ੍ਰਧਾਨ ਆਂਗਣਵਾੜੀ, ਭੁਪਿੰਦਰ ਕੌਰ ਆਸ਼ਾ ਵਰਕਰ, ਤਾਰਾ ਸਿੰਘ ਪ੍ਰਧਾਨ ਬੋਰਡ ਕਾਰਪੋਰੇਸ਼ਨ ਮਹਾਸੰਘ, ਇੰਦਰਜੀਤ ਸਿੰਘ ਜਨਰਲ ਸਕੱਤਰ ਸਿੱਖਿਆ ਬੋਰਡ ਡੇਲੀਵੇਜ਼ ਯੂਨੀਅਨ, ਸ਼ੀਨਾ ਮੁਹਾਲੀ, ਸੀਟੂ ਦੇ ਜ਼ਿਲ੍ਹਾ ਪ੍ਰਧਾਨ ਗੁਰਦੀਪ ਸਿੰਘ ਨੇ ਸੰਬੋਧਨ ਕੀਤਾ।
ਸਮੁੱਚੇ ਬੁਲਾਰਿਆਂ ਨੇ ਆਂਗਨਵਾੜੀ ਵਰਕਰਾਂ ਦੀਆਂ ਮੰਗਾਂ ਬਾਰੇ ਆਵਾਜ਼ ਉਠਾਈ ਅਤੇ ਸਮੂਹ ਮਜ਼ਦੂਰਾਂ ਤੇ ਮੁਲਾਜ਼ਮਾਂ ਦੀਆਂ ਸਾਂਝੀਆਂ ਮੰਗਾਂ ਵੀ ਰੱਖੀਆਂ। ਬੁਲਾਰਿਆਂ ਨੇ ਨਵੇਂ ਲਾਗੂ ਕੀਤੇ ਫੌਜਦਾਰੀ ਕਾਨੂੰਨਾਂ ਦਾ ਵਿਰੋਧ ਕਰਦਿਆਂ, ਰੱਦ ਕਰਨ ਦੀ ਮੰਗ ਕੀਤੀ। ਉਨ੍ਹਾਂ ਸਮੂਹ ਸਕੀਮ ਵਰਕਰਾਂ ਆਂਗਨਵਾੜੀ, ਆਸ਼ਾ ਵਰਕਰ ਤੇ ਮਿੱਡ-ਡੇਅ ਮੀਲ ਵਰਕਰਾਂ ਨੂੰ ਪੱਕਾ ਕਰਨ, ਘੱਟੋ ਘੱਟ ਉਜਰਤ ਵਿੱਚ ਵਾਧਾ ਕਰਨ, ਸੁਪਰੀਮ ਕੋਰਟ ਦੇ ਫੈਸਲੇ ਅਨੁਸਾਰ ਸਕੀਮ ਵਰਕਰਾਂ ਨੂੰ ਗ੍ਰੈਚੂਟੀ ਦੇਣ, ਸਮੂਹ ਵਰਕਰਾਂ ਨੂੰ ਪੱਕੇ ਕਰਨ, ਚਾਰ ਲੇਬਰ ਕੋਡ ਰੱਦ ਕਰਨ, ਜਨਤਕ ਖੇਤਰ ਦਾ ਨਿਜੀਕਰਨ ਬੰਦ ਕਰਨ, ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ ਦੀ ਮੰਗ ਕੀਤੀ। ਉਨ੍ਹਾਂ ਦੇਸ਼ ਦੇ ਪ੍ਰਧਾਨ ਮੰਤਰੀ ਤੇ ਸੂਬੇ ਦੇ ਮੁੱਖ ਮੰਤਰੀ ਦੇ ਨਾਂ ਤੇ ਤਹਿਸੀਲਦਾਰ ਮੁਹਾਲੀ ਨੂੰ ਮੰਗ ਪੱਤਰ ਦਿੱਤਾ।