ਬੀਰਬਲ ਰਿਸ਼ੀ
ਸ਼ੇਰਪੁਰ, 11 ਜੁਲਾਈ
ਪਿੰਡ ਘਨੌਰੀ ਕਲਾਂ ਵਿੱਚ ਅੰਬੇਡਕਰ ਨਗਰ ਦੇ ਬਹੁਗਿਣਤੀ ਮਜ਼ਦੂਰ ਪਰਿਵਾਰਾਂ ਵੱਲੋਂ ਆਪਣੇ ਘਰਾਂ ਨੂੰ ਮੀਂਹ ਦੇ ਪਾਣੀ ਦੀ ਮਾਰ ਤੋਂ ਬਚਾਉਣ ਲਈ ਨਿਕਾਸੀ ਨਾਲੇ ਨੂੰ ਮਾਰੇ ਬੰਨ੍ਹ ਮਗਰੋਂ ਅੱਜ ਪੰਜਵੇਂ ਦਿਨ ਵੀ ਪੰਚਾਇਤ ਵਿਭਾਗ ਮਸਲਾ ਦਾ ਹੱਲ ਨਹੀਂ ਕਰ ਸਕਿਆ।
ਤਾਜ਼ਾ ਸਥਿਤੀ ਅਨੁਸਾਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘਨੌਰੀ ਕਲਾਂ ਦੇ ਸਟਾਫ਼ ਦੇ ਉਪਰਾਲਿਆਂ ਸਦਕਾ ਅੱਗੇ ਸੜਕ ’ਤੇ ਖੜ੍ਹਾ ਗੋਡੇ ਗੋਡੇ ਪਾਣੀ ਤਾਂ ਆਸੇ ਪਾਸੇ ਨਿਕਲ ਗਿਆ ਪਰ ਹੁਣ ਗੰਦਾ ਪਾਣੀ ਖਸਤਾ ਹਾਲ ਕੰਧਾਂ ’ਚੋਂ ਰਿਸਕੇ ਸਰਕਾਰੀ ਪ੍ਰਾਇਮਰੀ ਸੈਂਟਰ ਸਕੂਲ ਦੀ ਇਮਾਰਤ ਵਿੱਚ ਦਾਖਲ ਹੋਣ ਲੱਗਾ ਹੈ। ਪ੍ਰਾਇਮਰੀ ਸਕੂਲ ਨਾਲ ਸਬੰਧਤ ਕਾਰਜਕਾਰੀ ਸੈਂਟਰ ਇੰਚਾਰਜ ਨੇ ਦੱਸਿਆ ਕਿ ਨਾਲਿਆਂ ਦਾ ਗੰਦਾ ਪਾਣੀ ਸਕੂਲ ਵਿੱਚ ਆਉਣ ਕਾਰਨ ਸਕੂਲ ਵਿੱਚ ਕਾਫ਼ੀ ਬੁਦਬੂ ਫੈਲ ਰਹੀ ਹੈ ਜਿਸ ਕਾਰਨ ਛੋਟੇ ਬੱਚਿਆਂ ਨੂੰ ਬਿਮਾਰੀਆਂ ਲੱਗਣ ਦਾ ਖਦਸ਼ਾ ਹੈ। ਉਨ੍ਹਾਂ ਦੱਸਿਆ ਕਿ ਇਹ ਮਾਮਲਾ ਐੱਸਡੀਐੱਮ ਧੂਰੀ ਦੇ ਧਿਆਨ ਵਿੱਚ ਲਿਆ ਦਿੱਤਾ ਹੈ।
ਦੂਜੇ ਪਾਸੇ ਪਿੰਡ ਦੇ ਮਜ਼ਦੂਰ ਪਰਿਵਾਰਾਂ ਦੇ ਨੁਮਾਇੰਦੇ ਤੇ ਸਾਬਕਾ ਪੰਚ ਬੀਬੀ ਦੇ ਪਤੀ ਗੋਰਾ ਸਿੰਘ ਤੇ ਹੋਰਨਾਂ ਨੇ ਵਿਭਾਗ ਦੀ ਉਸ ਤਜਵੀਜ਼ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਜਿਸ ਵਿੱਚ ਘਨੌਰੀ ਖੁਰਦ ਸੜਕ ਦੇ ਨਾਲ ਲੱਗਦੀ ਮਜ਼ਦੂਰਾਂ ਦੀਆਂ ਰੂੜੀਆਂ ਵਾਲੀ ਜਗ੍ਹਾ ਵਿੱਚ ਟੋਭਾ ਪੁੱਟ ਕੇ ਮਸਲੇ ਦਾ ਆਰਜ਼ੀ ਹੱਲ ਕਰਨ ਦੀ ਪੇਸ਼ਕਸ਼ ਕੀਤੀ ਗਈ ਸੀ। ਗੋਰਾ ਸਿੰਘ ਨੇ ਦੁਹਰਾਇਆ ਕਿ ਇਹ ਸਮੱਸਿਆ ਪਹਿਲਾਂ ਕਦੇ ਐਨੀ ਗੰਭੀਰ ਨਹੀਂ ਹੋਈ, ਜਿੰਨ ਹੁਣ ਪਿੰਡ ਦੀ ਇੱਕ ਪੱਤੀ ਦੇ ਪਾਣੀ ਦਾ ਵਹਾਅ ਮਜ਼ਦੂਰ ਪਰਿਵਾਰਾਂ ਦੇ ਘਰਾਂ ਵੱਲ ਕਰਨ ਨਾਲ ਹੋਈ ਹੈ।
ਉਧਰ ਸ਼ੇਰਪੁਰ ’ਚ ਬੀਡੀਪੀਓ ਦੀ ਕੁਰਸੀ ਖਾਲੀ ਹੋਣ ਕਾਰਨ ਸ਼ੇਰਪੁਰ ਦਾ ਕੰਮਕਾਰ ਵੇਖ ਰਹੇ ਬੀਡੀਪੀਓ ਧੂਰੀ ਇਸ ਮਾਮਲੇ ’ਤੇ ਪੂਰੀ ਤਰ੍ਹਾਂ ਚੁੱਪ ਹਨ ਅਤੇ ਪੰਜ ਦਿਨਾਂ ਤੋਂ ਸਾਰੇ ਮਾਮਲੇ ਦੀ ਗੰਭੀਰਤਾ ਨੂੰ ਸਮਝਦੇ ਹੋਏ ਵੀ ਉਹ ਮੌਕਾ ਤੱਕ ਵੇਖਣ ਨਹੀਂ ਪੁੱਜੇ। ਪੰਚਾਇਤਾਂ ਭੰਗ ਹੋਣ ਕਾਰਨ ਪੰਚਾਇਤ ਵਿਭਾਗ ਵੱਲੋਂ ਨਿਯੁਕਤ ਕੀਤੇ ਪ੍ਰਬੰਧਕ ਤੇ ਜੇਈ ਗਗਨਦੀਪ ਸਿੰਘ ਨੇ ਪਿੰਡ ਦੇ ਪਾਣੀ ਨਿਕਾਸੀ ਕਰਕੇ ਪੱਕਾ ਹੱਲ ਕੱਢਣ ਲਈ ਪਿੰਡ ਦੇ ਚਾਰੇ ਕੋਨਿਆਂ ਦੇ ਛੱਪੜਾਂ ਨੂੰ ਵਾਚਿਆ। ਸ਼ੇਰਪੁਰ ਦਾ ਆਰਜ਼ੀ ਕੰਮ ਵੇਖ ਰਹੇ ਬੀਡੀਪੀਓ ਧੂਰੀ ਪ੍ਰਦੀਪ ਸ਼ਾਰਧਾ ਨੇ ਕਿਹਾ ਕਿ ਉਹ ਪ੍ਰਾਇਮਰੀ ਸਕੂਲ ਦੇ ਮਸਲੇ ਨੂੰ ਹੱਲ ਕਰਵਾ ਰਹੇ ਹਨ।