ਟ੍ਰਿਬਿਉੂਨ ਨਿਉੂਜ਼ ਸਰਵਿਸ
ਅੰਮ੍ਰਿਤਸਰ,11 ਜੁਲਾਈ
ਹਥਿਆਰਾਂ ਦੀ ਤਸਕਰੀ ਦੇ ਮਾਮਲੇ ਵਿੱਚ ਪੁਲੀਸ ਨੇ ਦੋ ਹੋਰ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਉਨ੍ਹਾਂ ਕੋਲੋਂ .32 ਬੋਰ ਦਾ ਇੱਕ ਪਿਸਤੌਲ ਅਤੇ ਕਾਰਤੂਸ ਤੇ ਮੈਗਜ਼ੀਨ ਬਰਾਮਦ ਕੀਤੀ ਹੈ। ਇਸ ਮਾਮਲੇ ਵਿੱਚ ਗ੍ਰਿਫਤਾਰ ਕੀਤੇ ਗਏ ਦੋ ਵਿਅਕਤੀਆਂ ਦੀ ਸ਼ਨਾਖਤ ਗੋਵਿੰਦ ਵਾਸੀ ਨਾਲਾਗੜ੍ਹ ਹਿਮਾਚਲ ਪ੍ਰਦੇਸ਼ ਅਤੇ ਸੰਜੀਵ ਕੁਮਾਰ ਵਾਸੀ ਕੋਟ ਖਾਲਸਾ ਅੰਮ੍ਰਿਤਸਰ ਵਜੋਂ ਹੋਈ ਹੈ। ਇਸ ਸਬੰਧੀ ਪੁਲੀਸ ਦੇ ਡੀਸੀਪੀ ਹਰਪ੍ਰੀਤ ਸਿੰਘ ਮੰਡੇਰ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਪਹਿਲਾਂ 7 ਜੁਲਾਈ ਨੂੰ ਪੰਜ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਸੀ। ਇਹ ਸਾਰੇ ਰਲ ਕੇ ਦੂਜੇ ਸੂਬਿਆਂ ਤੋਂ ਗੈਰ ਕਾਨੂੰਨੀ ਤਰੀਕੇ ਨਾਲ ਘੱਟ ਰੇਟ ਤੇ ਨਜਾਇਜ਼ ਅਸਲਾ ਖਰੀਦ ਕੇ ਪੰਜਾਬ ਵਿੱਚ ਲਿਆਉਂਦੇ ਅਤੇ ਮਾੜੇ ਅਨਸਰਾਂ ਨੂੰ ਵੱਧ ਰੇਟ ’ਤੇ ਸਪਲਾਈ ਕਰਦੇ ਸਨ। ਇਨ੍ਹਾਂ ਨੇ ਸੁੱਖਾ ਪਿਸਤੌਲ ਗਰੁੱਪ ਨਾਂ ਦ ਗਰੋਹ ਬਣਾਇਆ ਹੋਇਆ ਸੀ। ਇਨ੍ਹਾਂ ਵੱਲੋਂ ਕੀਤੇ ਗਏ ਖੁਲਾਸੇ ਤੋਂ ਬਾਅਦ ਪੁਲੀਸ ਨੇ ਹੁਣ ਇਨ੍ਹਾਂ ਦੇ ਦੋ ਹੋਰ ਸਾਥੀ ਗੋਬਿੰਦ ਅਤੇ ਸੰਜੀਵ ਕੁਮਾਰ ਨੂੰ ਗ੍ਰਿਫਤਾਰ ਕੀਤਾ ਹੈ।