ਰਾਜਿੰਦਰ ਸਿੰਘ ਮਰਾਹੜ
ਭਾਈ ਰੂਪਾ, 11 ਜੁਲਾਈ
ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ’ਚ ਕੰਮ ਕਰਦੀਆਂ ਸਰਕਲ ਸਲਾਬਤਪੁਰਾ ਦੀਆਂ ਆਂਗਣਵਾੜੀ ਵਰਕਰਾਂ ਦੀ ਭਰਵੀਂ ਮੀਟਿੰਗ ਪਿੰਡ ਦਿਆਲਪੁਰਾ ਭਾਈਕਾ ਵਿੱਚ ਸਰਕਲ ਪ੍ਰਧਾਨ ਆਰਤੀ ਸ਼ਰਮਾ ਦੀ ਅਗਵਾਈ ਹੇਠ ਹੋਈ। ਇਕੱਤਰ ਵਰਕਰਾਂ ਨੇ ਕਿਹਾ ਕਿ ਯੂਨੀਅਨ ਦੇ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਦੇ ਰਾਜਨੀਤੀ ’ਚ ਆਉਣ ਨਾਲ ਆਂਗਣਵਾੜੀ ਵਰਕਰਾਂ ‘ਚ ਭਾਰੀ ਰੋਸ ਹੈ, ਜਿਸ ਕਾਰਨ ਸਰਕਲ ਪ੍ਰਧਾਨ ਆਰਤੀ ਸ਼ਰਮਾ ਸਮੇਤ ਸਾਰੀਆਂ ਵਰਕਰਾਂ ਤੇ ਹੈਲਪਰਾਂ ਨੇ ਹਰਗੋਬਿੰਦ ਕੌਰ ਦੀ ਯੂਨੀਅਨ ਨੂੰ ਅਲਵਿਦਾ ਆਖ ਕੇ ਸ਼ਿੰਦਰਪਾਲ ਕੌਰ ਦਿਆਲਪੁਰਾ ਭਾਈਕਾ ਨਾਲ ਮਿਲ ਕੇ ਕੰਮ ਕਰਨ ਦਾ ਫੈਸਲਾ ਕੀਤਾ।
ਇਸ ਸਮੇਂ ਸ਼ਿੰਦਰਪਾਲ ਕੌਰ ਦਿਆਲਪੁਰਾ ਨੇ ਨਾਤਾ ਤੋੜਨ ਵਾਲੀਆਂ ਵਰਕਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਵੱਖ-ਵੱਖ ਜ਼ਿਲ੍ਹਿਆਂ ਦੇ ਆਗੂਆਂ ਦੀ ਸਲਾਹ ਨਾਲ ਜਲਦੀ ਹੀ ਨਵੀਂ ਆਂਗਣਵਾੜੀ ਯੂਨੀਅਨ ਦਾ ਗਠਨ ਕੀਤਾ ਜਾ ਰਿਹਾ ਹੈ, ਜਿਸ ਦਾ ਕਿਸੇ ਵੀ ਸਿਆਸੀ ਪਾਰਟੀ ਨਾਲ ਕੋਈ ਸਬੰਧ ਨਹੀਂ ਹੋਵੇਗਾ ਤੇ ਇਹ ਸਿਰਫ਼ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦੇ ਹਿੱਤਾਂ ਲਈ ਲੜਾਈ ਲੜੇਗੀ। ਇਸੇ ਤਰ੍ਹਾਂ ਆਂਗਣਵਾੜੀ ਵਰਕਰ ਤੇ ਹੈਲਪਰ ਯੂਨੀਅਨ ਸਰਕਲ ਮਹਿਰਾਜ ਨੇ ਵੀ ਮੀਟਿੰਗ ਕਰਕੇ ਯੂਨੀਅਨ ਦੀ ਪੰਜਾਬ ਪ੍ਰਧਾਨ ਹਰਗੋਬਿੰਦ ਕੌਰ ਦਾ ਸਾਥ ਛੱਡਣ ਦਾ ਐਲਾਨ ਕਰਦਿਆਂ ਕਿਹਾ ਕਿ ਆਂਗਣਵਾੜੀ ਯੂਨੀਅਨ ਕੋਈ ਰਾਜਨੀਤਕ ਪਾਰਟੀ ਨਹੀਂ ਹੈ, ਸਗੋਂ ਇਕ ਮੁਲਾਜ਼ਮ ਜਥੇਬੰਦੀ ਹੈ ਪਰ ਹਰਗੋਬਿੰਦ ਕੌਰ ਸ਼ਰੇਆਮ ਇਕ ਰਾਜਨੀਤਕ ਪਾਰਟੀ ਨਾਲ ਵਿਚਰ ਰਹੇ ਹਨ ਜਿਸ ਕਾਰਨ ਜਥੇਬੰਦੀ ਦਾ ਅਕਸ ਖ਼ਰਾਬ ਹੋ ਰਿਹਾ ਹੈ।