ਗੁਰਿੰਦਰ ਸਿੰਘ
ਲੁਧਿਆਣਾ, 11 ਜੁਲਾਈ
ਥਾਣਾ ਸਾਹਨੇਵਾਲ ਦੇ ਇਲਾਕੇ ਢੰਡਾਰੀ ਕਲਾਂ ਮੇਨ ਜੀਟੀ ਰੋਡ ਉੱਤੇ ਇੱਕ ਤੇਜ਼ ਰਫ਼ਤਾਰ ਟਰੱਕ ਨੂੰ ਓਵਰਟੇਕ ਕਰਦਿਆਂ ਇੱਕ ਐਕਟਿਵਾ ਦਾ ਹੈਂਡਲ ਟਰੱਕ ਦੇ ਸੰਗਲ ਵਿੱਚ ਫਸਣ ਕਾਰਨ ਸਕੂਟਰ ਚਾਲਕ ਨੌਜਵਾਨ ਦੀ ਮੌਤ ਹੋ ਗਈ ਜਦਕਿ ਉਸ ਦੇ ਪਿੱਛੇ ਬੈਠਾ ਨੌਜਵਾਨ ਗੰਭੀਰ ਜ਼ਖ਼ਮੀ ਹੋ ਗਿਆ ਹੈ ਜਿਸਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਾਇਆ ਗਿਆ ਹੈ। ਜਾਣਕਾਰੀ ਮੁਤਾਬਕ ਈਸ਼ਵਰ ਕਲੋਨੀ ਵਿੱਚ ਰਹਿਣ ਵਾਲਾ ਸੰਨੀ ਏਸੀ ਦੀ ਮੁਰੰਮਤ ਦਾ ਕੰਮ ਕਰਦਾ ਸੀ। ਜਦੋਂ ਉਹ ਸਾਹਨੇਵਾਲ ਖੇਤਰ ਵਿੱਚ ਸਥਿਤ ਇੱਕ ਦੁਕਾਨ ’ਤੇ ਏਸੀ ਦੀ ਮੁਰੰਮਤ ਕਰਨ ਜਾ ਰਿਹਾ ਸੀ ਤਾਂ ਉਸਨੇ ਆਪਣੇ ਦੋਸਤ ਸੋਨੂੰ ਨੂੰ ਵੀ ਆਪਣੇ ਨਾਲ ਲੈ ਲਿਆ। ਇਸ ਦੌਰਾਨ ਰਸਤੇ ਵਿੱਚ ਵਾਪਸ ਆਉਂਦਿਆਂ ਜਦੋਂ ਉਹ ਇੱਕ ਤੇਜ਼ ਰਫ਼ਤਾਰ ਟਰੱਕ ਨੂੰ ਓਵਰਟੇਕ ਕਰ ਰਿਹਾ ਸੀ ਤਾਂ ਉਸਦੇ ਐਕਟਿਵਾ ਸਕੂਟਰ ਦਾ ਹੈਂਡਲ ਟਰੱਕ ਦੇ ਪਿਛਲੇ ਸੰਗਲ ਵਿੱਚ ਫਸ ਗਿਆ ਅਤੇ ਸਕੂਟਰ ਦਾ ਸੰਤੁਲਨ ਵਿਗੜਨ ਕਾਰਨ ਦੋਵੇਂ ਜਣੇ ਹੇਠਾਂ ਡਿੱਗ ਪਏ ਜਿਸ ਨਾਲ ਸੰਨੀ ਟਰੱਕ ਦੇ ਪਿਛਲੇ ਟਾਇਰ ਦੇ ਹੇਠਾਂ ਆ ਗਿਆ ਅਤੇ ਉਸਦੀ ਮੌਕੇ ’ਤੇ ਹੀ ਮੌਤ ਹੋ ਗਈ ਜਦਕਿ ਸੋਨੂੰ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ। ਹਾਦਸੇ ਤੋਂ ਤੁਰੰਤ ਬਾਅਦ ਟਰੱਕ ਡਰਾਈਵਰ ਟਰੱਕ ਰੋਕਣ ਦੀ ਬਜਾਇ ਉੱਥੋਂ ਟਰੱਕ ਸਮੇਤ ਭੱਜ ਗਿਆ। ਇਸ ਹਾਦਸੇ ਵਿੱਚ ਸੋਨੂੰ ਦੇ ਇੱਕ ਹੱਥ ਦੀ ਹੱਡੀ ਵੱਖ-ਵੱਖ ਥਾਵਾਂ ਤੋਂ ਟੁੱਟ ਗਈ, ਜਦਕਿ ਸਿਰ ਅਤੇ ਚਿਹਰੇ ਉਪਰ ਵੀ ਜ਼ਖਮ ਹੋਏ ਹਨ। ਉਸਨੂੰ ਇਲਾਜ਼ ਲਈ ਪਹਿਲਾਂ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਉਸਦੀ ਸਥਿਤੀ ਨਾਜ਼ੁਕ ਦੇਖਦਿਆਂ ਉਸਨੂੰ ਸਿਵਲ ਹਸਪਤਾਲ ਲੁਧਿਆਣਾ ਭੇਜ ਦਿੱਤਾ ਗਿਆ। ਥਾਣਾ ਸਾਹਨੇਵਾਲ ਦੇ ਇੰਸਪੈਕਟਰ ਜਗਦੇਵ ਸਿੰਘ ਨੇ ਦੱਸਿਆ ਕਿ ਪੁਲੀਸ ਨੇ ਸੂਚਨਾ ਮਿਲਦਿਆਂ ਹੀ ਮੌਕੇ ਤੇ ਪੁੱਜਕੇ ਲਾਸ਼ ਕਬਜ਼ੇ ਵਿੱਚ ਲੈ ਲਈ ਅਤੇ ਟਰੱਕ ਡਰਾਈਵਰ ਨੂੰ ਲੱਭਣ ਲਈ ਕਾਰਵਾਈ ਸ਼ੁਰੂ ਕਰ ਦਿੱਤੀ। ਉਨ੍ਹਾਂ ਦੱਸਿਆ ਕਿ ਲਾਸ਼ ਪੋਸਟਮਾਰਟਮ ਤੋਂ ਬਾਅਦ ਪਰਿਵਾਰ ਹਵਾਲੇ ਕਰ ਦਿੱਤੀ ਗਈ ਹੈ।