ਰਾਏਕੋਟ (ਰਾਮ ਗੋਪਾਲ ਰਾਏਕੋਟੀ):
ਇੱਥੋਂ ਨੇੜਲੇ ਪਿੰਡ ਲੋਹਟਬੱਦੀ ਦੀ ਮੁਟਿਆਰ ਦੀ ਕੈਨੇਡਾ ਦੇ ਬਰੈਂਪਟਨ ਵਿੱਚ ਮੌਤ ਹੋ ਗਈ। ਮ੍ਰਿਤਕਾ ਦੀ ਪਛਾਣ ਤਨਵੀਰ ਕੌਰ (25) ਵਜੋਂ ਹੋਈ ਹੈ। ਤਨਵੀਰ ਦੇ ਪਿਤਾ ਰਣਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਧੀ ਕਰੀਬ 11 ਮਹੀਨੇ ਪਹਿਲਾਂ ਪੜ੍ਹਾਈ ਕਰਨ ਲਈ ਕੈਨੇਡਾ ਦੇ ਸ਼ਹਿਰ ਬਰੈਂਪਟਨ ਗਈ ਸੀ। ਬੀਤੀ ਰਾਤ ਜਦੋਂ ਉਨ੍ਹਾਂ ਨੇ ਆਪਣੀ ਧੀ ਦਾ ਹਾਲ-ਚਾਲ ਜਾਣਨ ਲਈ ਫੋਨ ਕੀਤਾ ਤਾਂ ਫੋਨ ਉਸ ਦੀ ਇੱਕ ਸਹੇਲੀ ਨੇ ਚੁੱਕਿਆ। ਉਸ ਨੇ ਦੱਸਿਆ ਕਿ ਤਨਵੀਰ ਕੌਰ ਬਾਥਰੂਮ ਵਿੱਚ ਗਈ ਹੈ। ਇਸੇ ਦੌਰਾਨ ਜਦੋਂ ਉਸ ਦੀ ਦੋਸਤ ਨੇ ਬਾਥਰੂਮ ਵਿੱਚ ਜਾ ਕੇ ਦੇਖਿਆ ਤਾਂ ਉਹ ਬੇਹੋਸ਼ੀ ਦੀ ਹਾਲਤ ਵਿੱਚ ਸੀ। ਰਣਜੀਤ ਸਿੰਘ ਨੇ ਦੱਸਿਆ ਕਿ ਉਸ ਦੀ ਧੀ ਦੀ ਦੋਸਤ ਨੇ ਐਬੂਲੈਂਸ ਨੂੰ ਫੋਨ ਕੀਤਾ ਤੇ ਇਲਾਜ ਲਈ ਤਨਵੀਰ ਨੂੰ ਹਸਪਤਾਲ ਲਿਜਾਇਆ ਜਾ ਰਿਹਾ ਤਾਂ ਉਸ ਨੇ ਰਸਤੇ ਵਿੱਚ ਹੀ ਦਮ ਤੋੜ ਦਿੱਤਾ। ਰਣਜੀਤ ਸਿੰਘ ਨੇ ਸਰਕਾਰ ਤੋਂ ਮੰਗ ਕੀਤੀ ਕਿ ਤਨਵੀਰ ਕੌਰ ਦੀ ਮ੍ਰਿਤਕ ਦੇਹ ਪੰਜਾਬ ਲਿਆਉਣ ਵਿੱਚ ਮਦਦ ਕੀਤੀ ਜਾਵੇ ਤਾਂ ਜੋ ਉਸ ਦੀਆਂ ਅੰਤਿਮ ਰਸਮਾਂ ਪੂਰੀਆਂ ਕੀਤੀਆਂ ਜਾ ਸਕਣ।