ਪਰਮਜੀਤ ਸਿੰਘ
ਫਾਜ਼ਿਲਕਾ, 12 ਜੁਲਾਈ
ਫਾਜ਼ਿਲਕਾ ਦਾਣਾ ਮੰਡੀ ਵਿੱਚ ਇੱਕ ਬੋਰਵੈੱਲ ਵਿੱਚ ਡਿੱਗੇ ਬੱਚੇ ਨੂੰ ਫਾਜ਼ਿਲਕਾ ਪ੍ਰਸ਼ਾਸਨ ਦੀ ਮੁਸਤੈਦੀ ਨਾਲ ਸੁਰੱਖਿਅਤ ਬਾਹਰ ਕੱਢ ਲਿਆ ਗਿਆ। ਬੱਚੇ ਨੂੰ ਇਲਾਜ ਲਈ ਸਿਵਲ ਹਸਪਤਾਲ ਫਾਜ਼ਿਲਕਾ ਵਿੱਚ ਭਰਤੀ ਕਰਵਾਇਆ ਗਿਆ ਹੈ। ਡਾਕਟਰਾਂ ਅਨੁਸਾਰ ਬੱਚਾ ਹੁਣ ਪੂਰੀ ਤਰ੍ਹਾਂ ਸੁਰੱਖਿਅਤ ਹੈ ਅਤੇ ਉਸ ਨੂੰ ਕੁਝ ਸਮੇਂ ਲਈ ਡਾਕਟਰੀ ਦੇਖ-ਰੇਖ ਵਿੱਚ ਰੱਖਿਆ ਗਿਆ ਹੈ।
ਹਸਪਤਾਲ ਪਹੁੰਚੇ ਡਿਪਟੀ ਕਮਿਸ਼ਨਰ ਡਾ. ਸ਼ੇਨੂ ਦੁੱਗਲ ਨੇ ਦੱਸਿਆ ਕਿ ਜਿਉਂ ਹੀ ਘਟਨਾ ਦੀ ਸੂਚਨਾ ਮਿਲੀ ਤਾਂ ਜ਼ਿਲ੍ਹਾ ਪ੍ਰਸ਼ਾਸਨ ਨੇ ਤੁਰੰਤ ਰਾਹਤ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ ਸੀ। ਜ਼ਿਲ੍ਹਾ ਪ੍ਰਸ਼ਾਸਨ ਤਰਫ਼ੋਂ ਏਡੀਸੀ ਜਨਰਲ ਰਾਕੇਸ਼ ਕੁਮਾਰ ਪੋਪਲੀ ਦੀ ਦੇਖ-ਰੇਖ ਵਿੱਚ ਫਾਇਰ ਬ੍ਰਿਗੇਡ ਅਤੇ ਗਰੀਨ ਐੱਸ ਫੋਰਸ ਦੇ ਵਾਲੰਟੀਅਰਾਂ ਨੇ ਮੌਕੇ ’ਤੇ ਕਾਰਵਾਈ ਆਰੰਭੀ। ਸਿਹਤ ਟੀਮਾਂ ਮੌਕੇ ’ਤੇ ਬੁਲਾਈਆਂ ਗਈਆਂ ਅਤੇ ਐੱਨਡੀਆਰਐੱਫ ਤੇ ਫ਼ੌਜ ਨੂੰ ਵੀ ਸੂਚਿਤ ਕੀਤਾ ਗਿਆ।
ਐੱਨਡੀਆਰਐੱਫ ਤੇ ਫ਼ੌਜ ਦੀਆਂ ਟੀਮਾਂ ਫਾਜ਼ਿਲਕਾ ਲਈ ਰਵਾਨਾ ਵੀ ਹੋ ਗਈਆਂ ਸਨ ਪਰ ਇਸੇ ਦੌਰਾਨ ਜੇਸੀਬੀ ਦੀ ਮਦਦ ਨਾਲ ਬੋਰ ਬੈੱਲ ਦੇ ਬਰਾਬਰ ਇੱਕ ਟੋਆ ਪੁੱਟ ਕੇ ਬੱਚੇ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ।
ਫਾਇਰ ਬ੍ਰਿਗੇਡ ਦੇ ਕਰਮਚਾਰੀ ਗੌਰਵ ਝੀਂਝਾ ਨੇ ਦੱਸਿਆ ਕਿ ਬੱਚਾ ਲਗਭਗ 12 ਫੁੱਟ ਦੀ ਡੂੰਘਾਈ ’ਤੇ ਸੀ ਅਤੇ ਤੇਜ਼ੀ ਨਾਲ ਕੀਤੀ ਗਈ ਕਾਰਵਾਈ ਕਾਰਨ ਬੱਚੇ ਦੀ ਜਾਨ ਬਚ ਗਈ।
ਮੌਕੇ ’ਤੇ ਐਂਬੂਲੈਂਸ ਵਿੱਚ ਆਕਸੀਜਨ ਦੇ ਕੇ ਹਸਪਤਾਲ ਲਿਆਂਦਾ ਗਿਆ, ਜਿੱਥੇ ਡਾਕਟਰਾਂ ਨੇ ਤੁਰੰਤ ਉਸ ਦੀ ਦੇਖਭਾਲ ਕੀਤੀ ਅਤੇ ਹੁਣ ਬੱਚਾ ਖਤਰੇ ਤੋਂ ਬਾਹਰ ਹੈ। ਫਾਜ਼ਿਲਕਾ ਦੇ ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ ਨੇ ਹਸਪਤਾਲ ਪਹੁੰਚ ਕੇ ਬੱਚੇ ਦਾ ਹਾਲ-ਚਾਲ ਜਾਣਿਆ। ਉਨ੍ਹਾਂ ਕਿਹਾ ਕਿ ਬੋਰਵੈੱਲ ਖੁੱਲ੍ਹਾ ਛੱਡਣ ਵਾਲਿਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਘਟਨਾ ਦੀ ਮੈਜਿਸਟਰੇਟ ਜਾਂਚ ਦੇ ਹੁਕਮ
ਫਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਡਾ. ਸ਼ੇਨੂ ਦੁੱਗਲ ਨੇ ਦਾਣਾ ਮੰਡੀ ਵਿੱਚ ਬੋਰਵੈੱਲ ਵਿੱਚ ਡਿੱਗੇ ਬੱਚੇ ਦੀ ਘਟਨਾ ਦੇ ਮਾਮਲੇ ਦੀ ਮੈਜਿਸਟਰੇਟ ਜਾਂਚ ਦੇ ਹੁਕਮ ਦਿੱਤੇ ਹਨ। ਇਹ ਜਾਂਚ ਦਾ ਜ਼ਿੰਮਾ ਫਾਜ਼ਿਲਕਾ ਦੇ ਐੱਸਡੀਐੱਮ ਨੂੰ ਦਿੱਤਾ ਗਿਆ ਹੈ। ਉਨ੍ਹਾਂ ਨੂੰ ਤਿੰਨ ਦਿਨਾਂ ਦੇ ਵਿੱਚ ਜਾਂਚ ਮੁਕੰਮਲ ਕਰਕੇ ਰਿਪੋਰਟ ਦੇਣ ਲਈ ਕਿਹਾ ਗਿਆ ਹੈ।