ਰਜਵਿੰਦਰ ਪਾਲ ਸ਼ਰਮਾ
ਅੱਜ ਭਾਵੇਂ ਸਰਕਾਰੀ ਸਕੂਲਾਂ ਦੇ ਨਾਲ ਨਾਲ ਧੜਾ ਧੜ ਪ੍ਰਾਈਵੇਟ ਸਕੂਲ ਖੁੱਲ੍ਹ ਰਹੇ ਹੋਣ ਪਰ ਅੱਜ ਵੀ ਬਹੁਤੇ ਘਰਾਂ ਦੇ ਬੱਚੇ ਸਰਕਾਰੀ ਸਕੂਲਾਂ ਵਿੱਚ ਪੜ੍ਹ ਕੇ ਆਪਣੇ ਸੁਫ਼ਨਿਆਂ ਦੀ ਉਡਾਣ ਭਰ ਰਹੇ ਹਨ। ਅਜਿਹਾ ਹੀ ਦਿਖਾਇਆ ਗਿਆ ਹੈ ਹਾਲ ਹੀ ਵਿੱਚ ਰਿਲੀਜ਼ ਹੋਈ ਪੰਜਾਬੀ ਫਿਲਮ ‘ਪਿੰਡ ਆਲ਼ਾ ਸਕੂਲ’ ਵਿੱਚ।
‘ਐੱਚਐੱਫ ਪ੍ਰੋਡਕਸ਼ਨ-ਵਣਜਾਰੇ ਬੀਟਸ’ ਦੇ ਬੈਨਰਜ਼ ਅਤੇ ‘ਏਆਰ ਬੀਟਸ’ ਦੇ ਸੁਯੰਕਤ ਸਹਿ-ਨਿਰਮਾਣ ਅਧੀਨ ਪੇਸ਼ ਕੀਤੀ ਗਈ ਇਸ ਅਰਥ-ਭਰਪੂਰ ਫਿਲਮ ਦਾ ਸਟੋਰੀ ਅਤੇ ਸਕਰੀਨ-ਪਲੇਅ ਲੇਖਨ ਕਾਰਜ ਤਾਜ ਨੇ ਕੀਤਾ ਹੈ ਜਦਕਿ ਨਿਰਦੇਸ਼ਨ ਫ਼ਤਹਿ ਵੱਲੋਂ ਕੀਤਾ ਗਿਆ ਹੈ। ਫਿਲਮ ਦੀ ਕਹਾਣੀ ਸ਼ੁਰੂ ਹੁੰਦੀ ਹੈ ਬਲਵਿੰਦਰ ਸਿੰਘ ਤੋਂ ਜਿਸ ਦਾ ਕਿਰਦਾਰ ਪ੍ਰੀਤ ਹਰਪਾਲ ਨੇ ਨਿਭਾਇਆ ਹੈ। ਉਸ ਦੀ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਅਧਿਆਪਕ ਵਜੋਂ ਨਵੀਂ ਭਰਤੀ ਹੋਈ ਹੁੰਦੀ ਹੈ। ਸਕੂਲ ਵਿੱਚ ਪੜ੍ਹਾ ਰਹੇ ਸੇਵਾਦਾਰ ਅਤੇ ਸਕੂਲ ਵਿੱਚ ਸਰਪੰਚ ਦੀਆਂ ਖੜ੍ਹੀਆਂ ਮੱਝਾਂ ਨੂੰ ਦੇਖ ਕੇ ਉਸ ਨੂੰ ਇਹ ਪੂਰਾ ਵਿਸ਼ਵਾਸ ਹੋ ਜਾਂਦਾ ਹੈ ਕਿ ਸਕੂਲ ਵਿੱਚ ਪੜ੍ਹਾਈ ਦੇ ਨਾਂ ’ਤੇ ਖਾਨਾਪੂਰਤੀ ਕੀਤੀ ਜਾ ਰਹੀ। ਸਕੂਲ ਦੀ ਇਮਾਰਤ ਅਤੇ ਬੱਚਿਆਂ ਨੂੰ ਮਿਲਣ ਵਾਲੇ ਮਿੱਡ- ਡੇਅ ਮੀਲ ਨੂੰ ਸਰਪੰਚ ਆਪਣੀ ਨਿੱਜੀ ਜਾਇਦਾਦ ਸਮਝਦਾ ਹੋਇਆ ਲਗਾਤਾਰ ਉਸ ਦੀ ਘਰੇਲੂ ਵਰਤੋਂ ਕਰਦਾ ਆ ਰਿਹਾ ਹੈ।
ਇਹ ਸਾਰਾ ਕੁਝ ਪਿੰਡ ਵਿੱਚ ਹੁੰਦਾ ਦੇਖ ਕੇ ਬਲਵਿੰਦਰ ਸਿੰਘ ਸਰਪੰਚ ਦੀ ਸ਼ਿਕਾਇਤ ਬਲਾਕ ਸਿੱਖਿਆ ਅਫ਼ਸਰ ਨੂੰ ਕਰਦਾ ਹੈ ਜਿਸ ਦਾ ਕਿਰਦਾਰ ਹਰਸਿਮਰਨ ਓਬਰਾਏ ਨੇ ਨਿਭਾਇਆ ਹੈ। ਦੋਵੇਂ ਸਰਪੰਚ ਨੂੰ ਮਿਲ ਕੇ ਚਿਤਾਵਨੀ ਦਿੰਦੇ ਹਨ ਅਤੇ ਸਕੂਲ ਦੇ ਕੰਮਾਂ ਵਿੱਚ ਦਖਲਅੰਦਾਜ਼ੀ ਕਰਨ ਤੋਂ ਵਰਜਦੇ ਹਨ।
ਸਰਪੰਚ ਦੇ ਨਾਲ ਨਾਲ ਪਿੰਡ ਦੇ ਲੋਕਾਂ ਦੇ ਘੱਟ ਪੜ੍ਹੇ ਲਿਖੇ ਹੋਣ ਕਰਕੇ ਸਾਰਿਆਂ ਦੀ ਸੋਚ ਇਹੀ ਬਣ ਚੁੱਕੀ ਹੁੰਦੀ ਹੈ ਕਿ ਜ਼ਿੰਦਗੀ ਵਿੱਚ ਕਾਮਯਾਬ ਅਤੇ ਵੱਡੇ ਅਫ਼ਸਰ ਬਣਨ ਲਈ ਮਹਿੰਗੇ ਸਕੂਲਾਂ ਵਿੱਚ ਪੜ੍ਹਨਾ ਜ਼ਰੂਰੀ ਹੈ। ਸਰਪੰਚ ਪਿੰਡ ਦੇ ਸਕੂਲ ਨੂੰ ਬੰਦ ਕਰਵਾਉਣ ਲਈ ਪਿੰਡ ਦੇ ਲੋਕਾਂ ਨੂੰ ਉਨ੍ਹਾਂ ਦੇ ਬੱਚਿਆਂ ਦੀ ਪ੍ਰਾਈਵੇਟ ਸਕੂਲ ਵਿੱਚ ਮੁਫ਼ਤ ਪੜ੍ਹਾਈ ਕਰਾਉਣ ਦਾ ਲਾਲਚ ਦਿੰਦਾ ਹੈ ਪ੍ਰੰਤੂ ਸਰਪੰਚ ਅਤੇ ਪ੍ਰਾਈਵੇਟ ਸਕੂਲ ਨੂੰ ਉਸ ਸਮੇਂ ਝਟਕਾ ਲੱਗਦਾ ਹੈ ਜਦੋਂ ਪ੍ਰਾਈਵੇਟ ਸਕੂਲ ਵਿੱਚ ਪੜ੍ਹਨ ਵਾਲਾ ਸਰਪੰਚ ਦਾ ਪੋਤਾ ਤਾਂ ਫੇਲ੍ਹ ਹੋ ਜਾਂਦਾ ਹੈ ਜਦਕਿ ਸਰਕਾਰੀ ਸਕੂਲ ਵਿੱਚ ਪੜ੍ਹਨ ਵਾਲੇ ਬੱਚੇ ਸੂਬੇ ਅਤੇ ਜ਼ਿਲ੍ਹੇ ਵਿੱਚੋਂ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਲ ਕਰਦੇ ਹਨ।
ਫਿਲਮ ਵਿੱਚ ਇਹ ਬਾਖ਼ੂਬੀ ਦਿਖਾਇਆ ਗਿਆ ਹੈ ਕਿ ਸਰਕਾਰੀ ਸਕੂਲ ਵੀ ਕਿਸੇ ਗੱਲੋਂ ਘੱਟ ਨਹੀਂ। ਸਰਕਾਰੀ ਸਕੂਲਾਂ ਵਿੱਚ ਪੜ੍ਹ ਕੇ ਵੀ ਅਫ਼ਸਰ ਬਣਿਆ ਜਾ ਸਕਦਾ ਹੈ। ਲੋੜ ਹੈ ਸਾਨੂੰ ਸਾਰਿਆਂ ਨੂੰ ਆਪਣੀ ਸੋਚ ਬਦਲਣ ਦੀ। ਸਰਕਾਰਾਂ ਨੂੰ ਵੀ ਅਧਿਆਪਕਾਂ ਨੂੰ ਸਿੱਖਿਆ ਤੋਂ ਇਲਾਵਾ ਬਾਕੀ ਕੰਮਾਂ ਤੋਂ ਮੁਕਤ ਕਰਕੇ ਉਨ੍ਹਾਂ ਨੂੰ ਆਪਣਾ ਧਿਆਨ ਬੱਚਿਆਂ ਦੀ ਪੜ੍ਹਾਈ ’ਤੇ ਕੇਂਦਰਿਤ ਕਰਨ ਦੇਣਾ ਚਾਹੀਦਾ ਹੈ ਤਾਂ ਜੋ ਉਹ ਬੱਚਿਆਂ ਦੇ ਭਵਿੱਖ ਨੂੰ ਸੰਵਾਰ ਸਕਣ।
ਫਤਿਹ ਦੁਆਰਾ ਨਿਰਦੇਸ਼ਿਤ ਇਸ ਫਿਲਮ ਵਿੱਚ ਪ੍ਰੀਤ ਹਰਪਾਲ ਦੇ ਨਾਲ ਨਾਲ ਮਲਕੀਤ ਰੌਣੀ, ਨਿਰਮਲ ਰਿਸ਼ੀ, ਸੰਜੂ ਸੋਲੰਕੀ, ਰਣਦੀਪ ਭੰਗੂ ਅਤੇ ਸਤਵੀਰ ਕੌਰ ਆਦਿ ਨੇ ਆਪਣੀ ਅਦਾਕਾਰੀ ਰਾਹੀਂ ਫਿਲਮ ਦੀ ਕਹਾਣੀ ਨੂੰ ਚਾਰ ਚੰਨ ਲਾਏ ਹਨ। ਇਹ ਫਿਲਮ ਜਿੱਥੇ ਸਰਕਾਰੀ ਸਕੂਲਾਂ ਵਿੱਚ ਆ ਰਹੇ ਬਦਲਾਅ ਨੂੰ ਲੋਕਾਂ ਤੱਕ ਪਹੁੰਚਾਉਣ ਵਿੱਚ ਸਫਲ ਹੋਈ ਹੈ, ਉੱਥੇ ਹੀ ਚੰਗੀ ਪੜ੍ਹਾਈ ਦੇ ਨਾਂ ’ਤੇ ਪ੍ਰਾਈਵੇਟ ਸਕੂਲਾਂ ਦੁਆਰਾ ਮਾਪਿਆਂ ਦੀ ਕੀਤੀ ਜਾ ਰਹੀ ਲੁੱਟ ’ਤੇ ਵੀ ਵਿਅੰਗ ਕਰਦੀ ਦਿਖਾਈ ਦਿੰਦੀ ਹੈ।
ਪ੍ਰੀਤ ਹਰਪਾਲ ਨੇ ਦੱਸਿਆ ਕਿ ਇਸ ਫਿਲਮ ਦਾ ਮੁੱਖ ਹਿੱਸਾ ਬਣਨਾ ਉਸ ਲਈ ਇਸ ਲਈ ਵੀ ਬੇਹੱਦ ਮਾਣ ਵਾਲੀ ਗੱਲ ਰਹੀ ਹੈ ਕਿਉਂਕਿ ਇਸ ਤਰ੍ਹਾਂ ਦੇ ਜਜ਼ਬਾਤੀ ਪੜਾਅ ਵਿੱਚੋਂ ਉਹ ਖ਼ੁਦ ਵੀ ਬਚਪਨ ਸਮੇਂ ਗੁਜ਼ਰ ਚੁੱਕਿਆ ਹੈ। ਉਸ ਨੇ ਅੱਗੇ ਕਿਹਾ ਕਿ ਹੁਣ ਤੱਕ ਦੇ ਸਿਨੇਮਾ ਸਫ਼ਰ ਦੌਰਾਨ ਚਾਹੇ ਕਈ ਫਿਲਮਾਂ ਕਰ ਚੁੱਕਾ ਹਾਂ, ਪਰ ਜੋ ਸਕੂਨ ਭਰਪੂਰ ਅਹਿਸਾਸ ਇਹ ਫਿਲਮ ਕਰਕੇ ਮਹਿਸੂਸ ਹੋਇਆ, ਉਸ ਦੀ ਖ਼ੁਸ਼ੀ ਨੂੰ ਸ਼ਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ।
ਸੰਪਰਕ: 70873-67969