ਜਸਵੰਤ ਜੱਸ
ਫਰੀਦਕੋਟ, 12 ਜੁਲਾਈ
ਇਥੇ ਅੱਜ ਸਵੇਰੇ ਮੀਂਹ ਅਤੇ ਤੇਜ ਹਨੇਰੀ ਕਾਰਨ ਕੋਟਕਪੂਰਾ-ਫਰੀਦਕੋਟ ਸੜਕ ’ਤੇ ਬਾਬਾ ਰੋਡੇ ਸ਼ਾਹ ਦੀ ਸਮਾਧ ਨਜ਼ਦੀਕ ਇੱਥੋਂ ਲੰਘਦੀ ਇੱਕ ਸਵਿੱਫਟ ਕਾਰ ’ਤੇ ਅਚਾਨਕ ਦਰੱਖਤ ਡਿੱਗ ਪਿਆ ਜਿਸ ਕਾਰਨ ਕਾਰ ਸਵਾਰ ਪੰਜ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਏ। ਜਖ਼ਮੀਆਂ ਵਿੱਚੋਂ ਇੱਕ ਲੜਕੀ ਸਹਿਜਦੀਪ ਕੌਰ ਦੀ ਮੌਕੇ ’ਤੇ ਹੀ ਮੌਤ ਹੋ ਗਈ। ਰਾਹਗੀਰਾਂ ਨੇ ਜ਼ਖ਼ਮੀਆਂ ਨੂੰ ਕਾਰ ਵਿੱਚੋਂ ਕੱਢਿਆ ਅਤੇ ਉਨ੍ਹਾਂ ਨੂੰ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ ਵਿੱਚ ਦਾਖ਼ਲ ਕਰਵਾਇਆ। ਜ਼ਖ਼ਮੀਆਂ ਦਾ ਇੱਥੇ ਇਲਾਜ ਚੱਲ ਰਿਹਾ ਹੈ। ਜਾਣਕਾਰੀ ਅਨੁਸਾਰ ਇਸ ਹਾਦਸੇ ਵਿੱਚ ਗੁਰਮੀਤ ਕੌਰ, ਦਲਜੀਤ ਸਿੰਘ, ਸਰਬਜੀਤ ਸਿੰਘ ਅਤੇ ਨਵਦੀਪ ਕੌਰ ਗੰਭੀਰ ਜ਼ਖ਼ਮੀ ਹੋ ਗਏ ਜਦੋਂਕਿ ਸਹਿਜਦੀਪ ਕੌਰ ਦੇ ਗੰਭੀਰ ਸੱਟਾਂ ਵੱਜਣ ਕਾਰਨ ਉਸ ਦੀ ਮੌਤ ਹੋ ਗਈ। ਸੂਚਨਾ ਅਨੁਸਾਰ ਸਹਿਜਦੀਪ ਕੌਰ ਬਾਰਵੀਂ ਕਲਾਸ ਦੀ ਵਿਦਿਆਰਥਣ ਸੀ ਅਤੇ ਉਹ ਫਰੀਦਕੋਟ ਪੇਪਰ ਦੇਣ ਲਈ ਆ ਰਹੀ ਸੀ ਅਤੇ ਉਸ ਦੇ ਮਾਪੇ ਵੀ ਇਸ ਮੌਕੇ ਉਸਦੇ ਨਾਲ ਆ ਰਹੇ ਸਨ ਅਤੇ ਰਸਤੇ ਵਿੱਚ ਇਹ ਹਾਦਸਾ ਵਾਪਰ ਗਿਆ। ਐੱਸਐੱਸਐੱਫ ਅਤੇ ਆਮ ਲੋਕਾਂ ਦੀ ਮਦਦ ਨਾਲ ਟਰੈਫਿਕ ਨੂੰ ਦੁਬਾਰਾ ਚਾਲੂ ਕੀਤਾ ਗਿਆ। ਹਾਦਸੇ ਦਾ ਸ਼ਿਕਾਰ ਹੋਇਆ ਪਰਿਵਾਰ ਕੋਟਕਪੂਰਾ ਬਲਾਕ ਦਾ ਦੱਸਿਆ ਜਾ ਰਿਹਾ ਹੈ। ਜ਼ਿਲ੍ਹਾ ਪੁਲੀਸ ਮੁਖੀ ਹਰਜੀਤ ਸਿੰਘ ਨੇ ਕਿਹਾ ਕਿ ਜ਼ਖ਼ਮੀਆਂ ਦੀ ਹਾਲਤ ਖ਼ਤਰੇ ਤੋਂ ਬਾਹਰ ਹੈ। ਉਨ੍ਹਾਂ ਕਿਹਾ ਕਿ ਇਸ ਸੜਕ ਉੱਪਰ ਪੁਰਾਣੇ ਰੁੱਖ ਵੱਡੀ ਗਿਣਤੀ ਵਿੱਚ ਲੱਗੇ ਹਨ ਅਤੇ ਬਾਰਿਸ਼ ਕਾਰਨ ਰੁੱਖ ਡਿੱਗ ਪਿਆ ਜਿਸ ਕਰਕੇ ਇਹ ਹਾਦਸਾ ਵਾਪਰਿਆ।