ਰੋਮ, 13 ਜੁਲਾਈ
ਇਟਲੀ ਪੁਲੀਸ ਨੇ ਅੱਜ ਦੱਸਿਆ ਕਿ ਉਸ ਨੇ ਉੱਤਰੀ ਵੈਰੋਨਾ ਸੂਬੇ ’ਚ ਗੈਰਮਨੁੱਖੀ ਹਾਲਤਾਂ ’ਚ ਕੰਮ ਕਰ ਰਹੇ 33 ਭਾਰਤੀ ਖੇਤ ਮਜ਼ਦੂਰਾਂ ਨੂੰ ਆਜ਼ਾਦ ਕਰਵਾਇਆ ਹੈ। ਉਨ੍ਹਾਂ ਕਥਿਤ ਤੌਰ ’ਤੇ ਇਨ੍ਹਾਂ ਦਾ ਸ਼ੋਸ਼ਣ ਕਰਨ ਵਾਲੇ ਦੋ ਜਣਿਆਂ ਤੋਂ ਤਕਰੀਬਨ ਪੰਜ ਲੱਖ ਯੂਰੋ (5,45,300 ਡਾਲਰ) ਵੀ ਜ਼ਬਤ ਕੀਤੇ ਹਨ।
ਜੂਨ ਵਿੱਚ ਵਾਪਰੀ ਉਸ ਘਟਨਾ ਜਿਸ ਵਿੱਚ ਫਲ ਤੋੜਨ ਦਾ ਕੰਮ ਵਾਲੇ ਭਾਰਤੀ ਦਾ ਹੱਥ ਮਸ਼ੀਨ ’ਚ ਆਉਣ ਕਰ ਕੇ ਵੱਢਿਆ ਗਿਆ ਸੀ ਤੇ ਇਸ ਕਾਰਨ ਉਸ ਦੀ ਮੌਤ ਹੋ ਗਈ ਸੀ, ਤੋਂ ਬਾਅਦ ਇਟਲੀ ਕਿਰਤੀਆਂ ਦੇ ਸ਼ੋਸ਼ਣ ਦੇ ਮਾਮਲੇ ਵਿੱਚ ਸੁਰਖੀਆਂ ਵਿੱਚ ਹੈ। ਇਸ ਨਵੇਂ ਮਾਮਲੇ ਬਾਰੇ ਪੁਲੀਸ ਨੇ ਕਿਹਾ ਕਿ ਕਥਿਤ ਗਰੋਹ ਦਾ ਸਰਗਨਾ ਵੀ ਭਾਰਤ ਨਾਲ ਸਬੰਧਤ ਹੈ ਅਤੇ ਉਹ ਸਾਥੀ ਨਾਗਰਿਕਾਂ ਨੂੰ ਮੌਸਮੀ ਕੰਮਾਂ ਲਈ ਪਰਮਿਟ ’ਤੇ ਇਟਲੀ ਲਿਆਇਆ ਸੀ। ਉਸ ਨੇ ਹਰ ਵਿਅਕਤੀ ਨੂੰ 17 ਹਜ਼ਾਰ ਯੂਰੋ ਦਾ ਭੁਗਤਾਨ ਕਰਨ ਤੇ ਉਨ੍ਹਾਂ ਨੂੰ ਬਿਹਤਰ ਭਵਿੱਖ ਦੇਣ ਦਾ ਵਾਅਦਾ ਕੀਤਾ ਸੀ। ਇਨ੍ਹਾਂ ਪਰਵਾਸੀਆਂ ਨੂੰ ਖੇਤਾਂ ’ਚ ਕੰਮ ਦਿੱਤਾ ਗਿਆ ਅਤੇ ਉਨ੍ਹਾਂ ਤੋਂ ਹਫ਼ਤੇ ਦੇ ਸੱਤੇ ਦਿਨ 10 ਤੋਂ 12 ਘੰਟੇ ਤੱਕ ਕੰਮ ਲਿਆ ਗਿਆ ਤੇ ਪ੍ਰਤੀ ਘੰਟੇ ਦੇ ਹਿਸਾਬ ਨਾਲ ਸਿਰਫ਼ 4 ਯੂਰੋ ਤਨਖਾਹ ਦਿੱਤੀ ਗਈ ਤੇ ਉਹ ਵੀ ਉਨ੍ਹਾਂ ਤੋਂ ਉਦੋਂ ਤੱਕ ਪੂਰੀ ਤਰ੍ਹਾਂ ਖੋਹ ਲਈ ਗਈ ਜਦੋਂ ਤੱਕ ਕਿ ਉਨ੍ਹਾਂ ਆਪਣੇ ਸਾਰੇ ਕਰਜ਼ਿਆਂ ਦਾ ਪੂਰੀ ਤਰ੍ਹਾਂ ਭੁਗਤਾਨ ਨਹੀਂ ਕਰ ਦਿੱਤਾ। ਪੁਲੀਸ ਨੇ ਕਿਹਾ ਕਿ ਇਨ੍ਹਾਂ ਪਰਵਾਸੀਆਂ ਨਾਲ ਗੁਲਾਮਾਂ ਜਿਹਾ ਵਿਹਾਰ ਕੀਤਾ ਜਾ ਰਿਹਾ ਸੀ। ਕੁਝ ਲੋਕਾਂ ਨੂੰ ਸਥਾਈ ਵਰਕ ਪਰਮਿਟ ਲਈ ਵਾਧੂ 13 ਹਜ਼ਾਰ ਯੂਰੋ ਦਾ ਭੁਗਤਾਨ ਕਰਨ ਲਈ ਮੁਫ਼ਤ ਵਿੱਚ ਕੰਮ ਕਰਨਾ ਜਾਰੀ ਰੱਖਣ ਲਈ ਕਿਹਾ ਗਿਆ ਜੋ ਅਸਲ ਵਿੱਚ ਉਨ੍ਹਾਂ ਨੂੰ ਕਦੀ ਦਿੱਤਾ ਹੀ ਨਹੀਂ ਗਿਆ।
ਉਨ੍ਹਾਂ ਕਿਹਾ ਕਿ ਪਰਵਾਸੀਆਂ ਦਾ ਕਥਿਤ ਸ਼ੋਸ਼ਣ ਕਰਨ ਵਾਲਿਆਂ ’ਤੇ ਗੁਲਾਮੀ ਤੇ ਕਿਰਤੀਆਂ ਦੇ ਸ਼ੋਸ਼ਣ ਨਾਲ ਸਬੰਧਤ ਅਪਰਾਧਾਂ ਦਾ ਦੋਸ਼ ਲਾਇਆ ਗਿਆ ਹੈ ਜਦਕਿ ਪੀੜਤਾਂ ਨੂੰ ਸੁਰੱਖਿਆ, ਕੰਮ ਦੇ ਮੌਕੇ ਅਤੇ ਕਾਨੂੰਨੀ ਰਿਹਾਇਸ਼ ਪੱਤਰ ਦੀ ਪੇਸ਼ਕਸ਼ ਕੀਤੀ ਜਾਵੇਗੀ। ਹੋਰਨਾਂ ਯੂਰਪੀ ਮੁਲਕਾਂ ਦੀ ਤਰ੍ਹਾਂ ਇਟਲੀ ’ਚ ਵੀ ਕਿਰਤੀਆਂ ਦੀ ਕਮੀ ਹੈ ਜਿਸ ਨੂੰ ਪਰਵਾਸੀਆਂ ਰਾਹੀਂ ਪੂਰਾ ਕੀਤਾ ਜਾਂਦਾ ਹੈ। ਦੇਸ਼ ਵਿੱਚ ਇੱਕ ਹੋਰ ਸਮੱਸਿਆ ਕਿਰਤ ਕਾਨੂੰਨਾਂ ਦੀ ਉਲੰਘਣਾ ਹੈ। -ਰਾਇਟਰਜ਼