ਗੁਹਾਟੀ/ਤਿਰੂਵਨੰਤਪੁਰਮ/ਮੁੰਬਈ, 13 ਜੁਲਾਈ
ਅਸਾਮ ’ਚ ਅੱਜ ਵੀ ਹੜ੍ਹਾਂ ਦੀ ਸਥਿਤੀ ਗੰਭੀਰ ਬਣੀ ਹੋਈ ਹੈ ਹਾਲਾਂਕਿ ਸੂਬੇ ਦੇ ਕਈ ਹਿੱਸਿਆਂ ’ਚ ਪਾਣੀ ਦਾ ਪੱਧਰ ਘਟਣ ਲੱਗਾ ਹੈ। ਦੂਜੇ ਪਾਸੇ ਮੌਸਮ ਵਿਭਾਗ ਨੇ ਕੇਰਲਾ ਤੇ ਮਹਾਰਾਸ਼ਟਰ ’ਚ ਮੀਂਹ ਦਾ ਅਲਰਟ ਜਾਰੀ ਕੀਤਾ ਹੈ।
ਗੁਹਾਟੀ ਸਥਿਤ ਭਾਰਤੀ ਮੌਸਮ ਵਿਭਾਗ ਦੇ ਖੇਤਰੀ ਕੇਂਦਰ ਨੇ ਦੱਸਿਆ ਕਿ ਅਸਾਮ ’ਚ ਜ਼ਿਆਦਾਤਰ ਥਾਵਾਂ ’ਤੇ ਦਰਮਿਆਨਾ ਮੀਂਹ ਪੈਣ ਦੀ ਸੰਭਾਵਨਾ ਹੈ ਜਦਕਿ ਕੋਕਰਾਝਾੜ ਜ਼ਿਲ੍ਹੇ ਦੇ ਕੁਝ ਹਿੱਸਿਆਂ ਵਿੱਚ ਭਾਰੀ ਤੋਂ ਬਹੁਤ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਅਸਾਮ ਰਾਜ ਆਫ਼ਤ ਪ੍ਰਬੰਧਨ ਅਥਾਰਟੀ (ਏਐੱਸਡੀਐੱਮਏ) ਨੇ ਲੰਘੀ ਰਾਤ ਜਾਰੀ ਕੀਤੀ ਇੱਕ ਰਿਪੋਰਟ ’ਚ ਦੱਸਿਆ ਕਿ ਸੂਬੇ ’ਚ ਹੜ੍ਹਾਂ ਕਾਰਨ ਸੱਤ ਹੋਰ ਲੋਕਾਂ ਦੀ ਮੌਤ ਹੋ ਗਈ ਹੈ। ਉੱਥੇ ਹੀ 23 ਜ਼ਿਲ੍ਹਿਆਂ ’ਚ 12.33 ਲੋਕ ਪ੍ਰਭਾਵਿਤ ਹੋਏ ਹਨ। ਅਸਾਮ ’ਚ ਇਸ ਸਾਲ ਹੜ੍ਹਾਂ, ਜ਼ਮੀਨ ਖਿਸਕਣ, ਤੂਫ਼ਾਨ ਤੇ ਅਸਮਾਨੀ ਬਿਜਲੀ ਡਿੱਗਣ ਕਾਰਨ ਜਾਨ ਗੁਆਉਣ ਵਾਲੇ ਲੋਕਾਂ ਦੀ ਗਿਣਤੀ ਵੱਧ ਕੇ 106 ਹੋ ਗਈ ਹੈ। ਇਸੇ ਦੌਰਾਨ ਕੇਰਲਾ ਦੇ ਵੱਖ ਵੱਖ ਹਿੱਸਿਆਂ ’ਚ ਭਾਰੀ ਮੀਂਹ ਦਰਮਿਆਨ ਅੱਜ ਮੌਸਮ ਵਿਭਾਗ ਨੇ ਸੂਬੇ ਦੇ ਤਿੰਨ ਉੱਤਰੀ ਜ਼ਿਲ੍ਹਿਆਂ ’ਚ ‘ਔਰੇਂਜ ਅਲਰਟ’ ਜਾਰੀ ਕੀਤਾ ਹੈ। ਵਿਭਾਗ ਨੇ ਕੋਜ਼ੀਕੋੜ, ਕੰਨੂਰ ਤੇ ਕਾਸਗੋੜ ’ਚ ਔਰੇਂਜ ਅਲਰਟ ਤੇ ਸੂਬੇ ਦੇ ਨੌਂ ਹੋਰ ਜ਼ਿਲ੍ਹਿਆਂ ਲਈ ਯੈਲੋ ਅਲਰਟ ਜਾਰੀ ਕੀਤਾ ਹੈ। ਦੂਜੇ ਪਾਸੇ ਵਿਭਾਗ ਨੇ ਮਹਾਰਾਸ਼ਟਰ ਦੇ ਰਾਏਗੜ੍ਹ, ਰਤਨਾਗਿਰੀ, ਕੋਲ੍ਹਾਪੁਰ ਤੇ ਸਤਾਰਾ ਲਈ ਰੈੱਡ ਅਲਰਟ ਜਾਰੀ ਕਰਦਿਆਂ 14 ਜੁਲਾਈ ਨੂੰ ਮੀਂਹ ਪੈਣ ਦੀ ਚਿਤਾਵਨੀ ਜਾਰੀ ਕੀਤੀ ਹੈ। -ਪੀਟੀਆਈ
ਮੀਂਹ ਕਾਰਨ ਹਿਮਾਚਲ ਪ੍ਰਦੇਸ਼ ਦੀਆਂ ਕਈ ਸੜਕਾਂ ਬੰਦ
ਸ਼ਿਮਲਾ: ਹਿਮਾਚਲ ਪ੍ਰਦੇਸ਼ ਦੇ ਕੁਝ ਹਿੱਸਿਆਂ ’ਚ ਮੀਂਹ ਜਾਰੀ ਰਹਿਣ ਕਾਰਨ ਸੂਬੇ ਦੀਆਂ 15 ਸੜਕਾਂ ਆਵਾਜਾਈ ਲਈ ਬੰਦ ਹਨ। ਅਧਿਕਾਰੀਆਂ ਨੇ ਅੱਜ ਇਹ ਜਾਣਕਾਰੀ ਦਿੱਤੀ। ਮੌਸਮ ਵਿਭਾਗ ਅਨੁਸਾਰ ਲੰਘੀ ਸ਼ਾਮ ਬੈਜਨਾਥ ’ਚ 32 ਮਿਲੀਮੀਟਰ, ਧਰਮਸ਼ਾਲਾ ’ਚ 22.6 ਐੱਮਐੱਮ, ਜੁੱਬੜਹੱਟੀ ’ਚ 21.5 ਐੱਮਐੱਮ, ਮਨਾਲੀ ’ਚ 20 ਐੱਮਐੱਮ, ਕਾਂਗੜਾ ’ਚ 19.2 ਐੱਮਐੱਮ, ਜੋਗਿੰਦਰ ਨਗਰ ’ਚ 19 ਐੱਮਐੱਮ, ਸਲੋਨੀ ’ਚ 18.3 ਐੱਮਐੱਮ, ਪੰਡੋਹ ’ਚ 15.5 ਐੱਮਐੱਮ ਅਤੇ ਪਾਲਮਪੁਰ ’ਚ 14.4 ਐੱਮਐੱਮ ਮੀਂਹ ਪਿਆ ਹੈ। ਅਧਿਕਾਰੀਆਂ ਅਨੁਸਾਰ ਪਿਛਲੇ ਹਫ਼ਤੇ ਪਏ ਮੀਂਹ ਤੋਂ ਬਾਅਦ ਮੰਡੀ ’ਚ 8, ਸ਼ਿਮਲਾ ’ਚ ਚਾਰ ਤੇ ਕਾਂਗੜਾ ’ਚ ਤਿੰਨ ਸੜਕਾਂ ਆਵਾਜਾਈ ਲਈ ਬੰਦ ਹਨ ਜਦਕਿ 47 ਟਰਾਂਸਫਾਰਮਰ ਕੰਮ ਨਹੀਂ ਕਰ ਰਹੇ। ਮੌਸਮ ਵਿਭਾਗ ਨੇ ਸੂਬੇ ’ਚ ਅਗਲੇ ਛੇ ਦਿਨ 19 ਜੁਲਾਈ ਤੱਕ ਔਰੇਂਜ ਅਲਰਟ ਜਾਰੀ ਕਰਕੇ ਵੱਖ ਵੱਖ ਥਾਵਾਂ ’ਤੇ ਹਨੇਰੀ ਚੱਲਣ ਤੇ ਬਿਜਲੀ ਡਿੱਗਣ ਦੀ ਸੰਭਾਵਨਾ ਜ਼ਾਹਿਰ ਕੀਤੀ ਹੈ। -ਪੀਟੀਆਈ
ਉੱਤਰ ਪ੍ਰਦੇਸ਼ ’ਚ ਹੜ੍ਹਾਂ ਕਾਰਨ ਅੱਠ ਮੌਤਾਂ
ਲਖਨਊ: ਉੱਤਰ ਪ੍ਰਦੇਸ਼ ’ਚ ਨਦੀਆਂ ਦੇ ਖਤਰੇ ਦੇ ਨਿਸ਼ਾਨ ਤੋਂ ਉੱਪਰ ਵਹਿਣ ਕਾਰਨ 750 ਤੋਂ ਵੱਧ ਪਿੰਡ ਹੜ੍ਹਾਂ ਤੋਂ ਪ੍ਰਭਾਵਿਤ ਹੋਏ ਹਨ ਅਤੇ ਅੱਜ ਸ਼ਾਮ ਤੱਕ ਮੀਂਹ ਕਾਰਨ ਵਾਪਰੀਆਂ ਘਟਨਾਵਾਂ ’ਚ ਅੱਠ ਜਣਿਆਂ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਦੱਸਿਆ ਕਿ ਇਸ ਮਿਆਦ ਦੌਰਾਨ ਯੂਪੀ ’ਚ ਔਸਤਨ 7.4 ਐੱਮਐੱਮ ਮੀਂਹ ਦਰਜ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਸੱਤ ਜਣਿਆਂ ਦੀ ਡੁੱਬਣ ਕਾਰਨ ਜਦਕਿ ਇਕ ਵਿਅਕਤੀ ਦੀ ਅਸਮਾਨੀ ਬਿਜਲੀ ਡਿੱਗਣ ਕਾਰਨ ਮੌਤ ਹੋ ਗਈ। -ਪੀਟੀਆਈ