ਪੱਤਰ ਪ੍ਰੇਰਕ
ਅਬੋਹਰ, 13 ਜੁਲਾਈ
ਡੀਆਰਐੱਮ ਅੰਬਾਲਾ ਮਨਦੀਪ ਸਿੰਘ ਭਾਟੀਆ ਨੇ ਅੱਜ ਅਬੋਹਰ ਰੇਲਵੇ ਸਟੇਸ਼ਨ ਦਾ ਦੌਰਾ ਕੀਤਾ। ਉਨ੍ਹਾਂ ਰੇਲਵੇ ਪਲੈਟਫਾਰਮ ਤੋਂ ਇਲਾਵਾ ਸਟੇਸ਼ਨ ’ਤੇ ਚੱਲ ਰਹੇ ਨਵੀਨੀਕਰਨ ਦੇ ਕੰਮ ਦਾ ਨਿਰੀਖਣ ਕੀਤਾ ਅਤੇ ਰੇਲਵੇ ਅਧਿਕਾਰੀਆਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਨੂੰ ਜ਼ਰੂਰੀ ਦਿਸ਼ਾ-ਨਿਰਦੇਸ਼ ਦਿੱਤੇ। ਸਮਾਜ ਸੇਵੀਆਂ ਨੇ ਡੀਆਰਐੱਮ ਨੂੰ ਵੱਖ-ਵੱਖ ਮੰਗਾਂ ਸਬੰਧੀ ਮੰਗ ਪੱਤਰ ਸੌਂਪਿਆ। ਸਮਾਜ ਸੇਵੀ ਰਾਜੇਸ਼ ਗੁਪਤਾ ਤੇ ਹੋਰਨਾਂ ਨੇ ਮੰਗ ਕੀਤੀ ਕਿ ਸ੍ਰੀ ਗੰਗਾਨਗਰ ਤੋਂ ਅਬੋਹਰ, ਬਠਿੰਡਾ ਵਾਇਆ ਦਿੱਲੀ, ਕਾਨਪੁਰ, ਹਾਵੜਾ ਤੱਕ ਚੱਲਣ ਵਾਲੀ ਰਾਤ ਦੀ ਰੇਲਗੱਡੀ ਉਦਿਆਨ ਆਭਾ ਐਕਸਪ੍ਰੈਸ ਨੂੰ ਮੁੜ ਚਾਲੂ ਕੀਤਾ ਜਾਵੇ। ਅਬੋਹਰ ਤੋਂ ਸਾਦੁਲ ਸ਼ਹਿਰ (ਮਟੀਲੀ) ਤੱਕ 28 ਕਿਲੋਮੀਟਰ ਦੀ ਨਵੀਂ ਰੇਲਵੇ ਲਾਈਨ ਵਿਛਾਈ ਜਾਵੇ। ਫਾਜ਼ਿਲਕਾ ਤੋਂ ਅਬੋਹਰ ਸੈਕਸ਼ਨ ’ਤੇ ਸਿਰਫ਼ ਦੋ ਰੇਲ ਗੱਡੀਆਂ ਚੱਲ ਰਹੀਆਂ ਹਨ, ਜਦੋਂ ਕਿ ਇਸ ਸੈਕਸ਼ਨ ’ਤੇ 300 ਕਰੋੜ ਰੁਪਏ ਤੋਂ ਵੱਧ ਖਰਚ ਕੀਤੇ ਗਏ ਹਨ। ਰੇਲਗੱਡੀ ਨੰਬਰ 14639-14640 ਜੋ ਫ਼ਿਰੋਜ਼ਪੁਰ ਤੋਂ ਮੁਹਾਲੀ ਚੰਡੀਗੜ੍ਹ ਤੱਕ ਚੱਲਦੀ ਹੈ, ਇਸ ਰੇਲਗੱਡੀ ਨੂੰ ਫਾਜ਼ਿਲਕਾ ਸ੍ਰੀ ਗੰਗਾਨਗਰ ਤੱਕ ਵਧਾਇਆ ਜਾਵੇ। ਟਰੇਨ ਨੰਬਰ 14639-14640 ਜੋ ਫ਼ਿਰੋਜ਼ਪੁਰ ਤੋਂ ਮੁਹਾਲੀ, ਚੰਡੀਗੜ੍ਹ ਤੱਕ ਚੱਲਦੀ ਹੈ, ਨੂੰ ਫਾਜ਼ਿਲਕਾ ਤੋਂ ਸ੍ਰੀ ਗੰਗਾਨਗਰ ਤੱਕ ਵਧਾਇਆ ਜਾਵੇ। ਰੇਲਗੱਡੀ ਨੰਬਰ 14701-14702 ਮੁੰਬਈ ਬਾਂਦਰਾ ਅਰਾਵਲੀ ਐਕਸਪ੍ਰੈੱਸ ਜੋ ਸ੍ਰੀ ਗੰਗਾਨਗਰ ਵਿਖੇ 19 ਘੰਟੇ ਖੜੀ ਰਹਿੰਦੀ ਹੈ, ਨੂੰ ਸ੍ਰੀ ਗੰਗਾਨਗਰ ਤੋਂ ਫ਼ਿਰੋਜ਼ਪੁਰ ਛਾਉਣੀ ਵਾਇਆ ਅਬੋਹਰ ਫ਼ਾਜ਼ਿਲਕਾ ਤੱਕ ਵਧਾਇਆ ਜਾਣਾ ਚਾਹੀਦਾ ਹੈ।