ਮੁੰਬਈ: ਅਦਾਕਾਰ ਸੰਜੈ ਦੱਤ ਆਉਣ ਵਾਲੀ ਫਿਲਮ ‘ਹਾਊਸਫੁੱਲ 5’ ਵਿੱਚ ਨਜ਼ਰ ਆਏਗਾ। ਤਰੁਣ ਮਨਸੁਖਾਨੀ ਦੇ ਨਿਰਦੇਸ਼ਨ ਹੇਠ ਇਸ ਫਿਲਮ ਦੀ ਸ਼ੂਟਿੰਗ ਇੱਕ ਕਰੂਜ਼ ਜਹਾਜ਼ ’ਤੇ ਹੋਵੇਗੀ। ਫਿਲਮ ਦੇ ਹੋਰਨਾ ਕਲਾਕਾਰਾਂ ਵਿੱਚ ਅਕਸ਼ੈ ਕੁਮਾਰ, ਰਿਤੇਸ਼ ਦੇਸ਼ਮੁਖ ਅਤੇ ਅਭਿਸ਼ੇਕ ਬੱਚਨ ਵੀ ਸ਼ਾਮਲ ਹਨ। ਫਿਲਮ ਦਾ ਨਿਰਮਾਣ ਸਾਜਿਦ ਨਾਡੀਆਡਵਾਲਾ ਦੇ ਬੈਨਰ ਨਾਡੀਆਡਵਾਲਾ ਗਰੈਂਡਸਨ ਐਂਟਰਟੇਨਮੈਂਟ ਵੱਲੋਂ ਕੀਤਾ ਜਾ ਰਿਹਾ ਹੈ। ਸਾਜਿਦ ਨਾਲ ਫਿਲਮ ’ਤੇ ਕੰਮ ਕਰਨ ਬਾਰੇ ਗੱਲਬਾਤ ਕਰਦਿਆਂ ਸੰਜੈ ਨੇ ਕਿਹਾ, ‘‘ਮੈਂ ਸਾਜਿਦ ਨੂੰ ਉਸ ਦੇ ਸ਼ੁਰੂਆਤੀ ਦਿਨਾਂ ਤੋਂ ਇੱਕ ਸਹਿਯੋਗੀ ਵਜੋਂ ਜਾਣਦਾ ਹਾਂ ਅਤੇ ਉਸ ਨੂੰ ਅੱਗੇ ਵਧਦਿਆਂ ਅਤੇ ਸਾਡੀ ਇੰਡਸਟਰੀ ਦੇ ਵਧੀਆ ਨਿਰਮਾਤਾਵਾਂ ਵਿੱਚੋਂ ਇੱਕ ਬਣਦੇ ਦੇਖਣਾ ਸ਼ਾਨਦਾਰ ਹੈ। ਸਾਜਿਦ ਮੇਰੇ ਲਈ ਪਰਿਵਾਰ ਵਾਂਗ ਹੈ ਅਤੇ ਇੰਨੇ ਸਾਲਾਂ ਵਿੱਚ ਸਾਡੀ ਦੋਸਤੀ ਹੋਰ ਗਹਿਰੀ ਹੋਈ ਹੈ। ਮੈਂ ਉਸ ਨਾਲ ‘ਹਾਊਸਫੁੱਲ 5’ ਵਿੱਚ ਕੰਮ ਕਰਨ ਨੂੰ ਲੈ ਕੇ ਕਾਫ਼ੀ ਉਤਸ਼ਾਹਿਤ ਹਾਂ।’’ ਸਾਜਿਦ ਨਾਡੀਆਡਵਾਲਾ ਨੇ ਕਿਹਾ, ‘‘ਮੇਰੇ ਸਫ਼ਰ ਦੀ ਸ਼ੁਰੂਆਤ ਤੋਂ ਹੀ ਸੰਜੈ ਦੱਤ ਮੇਰੇ ਲਈ ਪਰਿਵਾਰ ਵਾਂਗ ਹੈ। ਹੁਣ ‘ਹਾਊਸਫੁੱਲ 5’ ਨਾਲ, ਅਸੀਂ ਹਾਸੇ, ਪਿਆਰ ਅਤੇ ਸਿਨੇਮਾ ਦੀ ਖੁਸ਼ੀ ਦਾ ਜਸ਼ਨ ਮਨਾਉਂਦਿਆਂ ਇੱਕ ਹੋਰ ਰੋਮਾਂਚਕ ਸਫ਼ਰ ਦੀ ਸ਼ੁਰੂਆਤ ਕਰਾਂਗੇ।’’ ਇਹ ਫਿਲਮ ਅਗਲੇ ਸਾਲ 6 ਜੂਨ ਨੂੰ ਸਿਨੇਮਾ ਘਰਾਂ ਵਿੱਚ ਰਿਲੀਜ਼ ਹੋਵੇਗੀ। -ਆਈਏਐੱਨਐੱਸ