ਸਤਨਾਮ ਸਿੰਘ
ਸ਼ਾਹਬਾਦ ਮਾਰਕੰਡਾ, 13 ਜੁਲਾਈ
ਸੰਸਦ ਮੈਂਬਰ ਨਵੀਨ ਜਿੰਦਲ ਨੇ ਹਲਕਾ ਸ਼ਾਹਬਾਦ ਦੇ ਪਿੰਡਾਂ ਸ਼ਾਂਤੀ ਨਗਰ ਕੁਰੜੀ, ਬਿਜੜਪੁਰ ਤੰਗੋਰੀ, ਸੁਲੱਖਣੀ, ਗੋਲਪੁਰਾ, ਪਾਡਲੂ, ਬੁਹਾਵਾ, ਜੰਦੇੜੀ ਆਦਿ ਦਾ ਦੌਰਾ ਕਰ ਕੇ ਲੋਕਾਂ ਧੰਨਵਾਦ ਕੀਤਾ। ਇਸ ਮੌਕੇ ਨਵੀਨ ਜਿੰਦਲ ਨੇ ਕਿਹਾ ਹੈ ਕਿ ਕਰੀਬ 20 ਸਾਲ ਪਹਿਲਾਂ ਉਹ ਇਸ ਲੋਕ ਸਭਾ ਹਲਕੇ ਤੋਂ ਸਿੱਧੇ ਤੌਰ ’ਤੇ ਸਿਆਸਤ ਵਿੱਚ ਆਏ ਸਨ ਤੇ ਉਨ੍ਹਾਂ ਸੋਚਿਆ ਸੀ ਕਿ ਇਸ ਖੇਤਰ ਨੂੰ ਪੂਰੇ ਦੇਸ਼ ਵਿੱਚ ਪਹਿਲੇ ਨੰਬਰ ’ਤੇ ਲੈ ਕੇ ਆਉਣਗੇ। ਹੁਣ ਵੀ ਉਹ ਇਸੇ ਭਾਵਨਾ ਨਾਲ ਆਏ ਹਨ ਤੇ ਉਨ੍ਹਾਂ ਨੂੰ ਉਮੀਦ ਹੈ ਕਿ ਲੋਕ ਉਨ੍ਹਾਂ ਦੇਸ ਸੁਫ਼ਨੇ ਸਾਕਾਰ ਕਰਨ ਲਈ ਉਸ ਦਾ ਸਾਥ ਦੇਣਗੇ। ਇਸ ਦੌਰਾਨ ਉਨ੍ਹਾਂ ਨੇ ਲੋਕਾਂ ਦੀਆਂ ਸਮੱਸਿਆਵਾਂ ਸੁਣਨ ਦੇ ਨਾਲ-ਨਾਲ ਹਲਕੇ ਵਿੱਚ ਜੀਵਨ ਨਾਲ ਜੁੜੀਆਂ ਕੁਝ ਯਾਦਾਂ ਵੀ ਸਾਂਝੀਆਂ ਕੀਤੀਆਂ। ਸੰਸਦ ਮੈਂਬਰ ਨੇ ਕਿਹਾ ਕਿ ਜਦ ਉਹ ਪਹਿਲੀ ਵਾਰ ਸੰਸਦ ਮੈਂਬਰ ਬਣੇ ਸਨ ਤਾਂ ਔਰਤਾਂ ਨੇ ਉਨ੍ਹਾਂ ਦੇ ਸਾਹਮਣੇ ਪਿੰਡ ਦੇ ਬਾਹਰ ਜਨਤਕ ਪਖ਼ਾਨੇ ਬਣਾਏ ਜਾਣ ਦੀ ਮੰਗ ਰੱਖੀ ਸੀ। ਇਸ ਲਈ ਉਨ੍ਹਾਂ ਨੇ ਆਪਣੇ ਸੰਸਦੀ ਖੇਤਰ ਵਿੱਚ 70 ਹਜ਼ਾਰ ਪਖਾਨੇ ਬਣਾਏ। ਸ੍ਰੀ ਜਿੰਦਲ ਨੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਕਿਸੇ ਦਾ ਨੁਕਸਾਨ ਨਹੀਂ ਚਾਹੁੰਦੇ ਸਿਰਫ ਉਨ੍ਹਾਂ ਤੋਂ ਕੰਮ ਚਾਹੁੰਦੇ ਹਨ। ਇਸ ਲਈ ਉਹ ਲੋਕਾਂ ਦੇ ਕੰਮ ਕਰਨ ਤੇ ਜਦ ਤੱਕ ਉਨ੍ਹਾਂ ਦੇ ਕੰਮ ਨਹੀਂ ਹੁੰਦੇ ਉਹ ਅਧਿਕਾਰੀਆਂ ਦੇ ਪਿੱਛੇ ਲੱਗੇ ਰਹਿਣਗੇ। ਉਨ੍ਹਾਂ ਨੇ ਪਿੰਡ ਵਾਸੀਆਂ ਨੂੰ ਕਿਹਾ ਕਿ ਪਿੰਡ ਵਿੱਚ ਭਾਈਚਾਰਕ ਸਾਂਝ ਤੇ ਸਵੱਛਤਾ ਕਾਇਮ ਰੱਖਣ। ਉਨ੍ਹਾਂ ਕਿਹਾ ਕਿ ਤਲਾਬ ਜਾਂ ਛੱਪੜਾਂ ਦੀ ਖੁਦਾਈ ਹਰ ਵਾਰ ਕਰਨ ਦੀ ਬਜਾਏ ਸੀਵਰੇਜ ਟਰੀਟਮੈਂਟ ਪਲਾਂਟ ਲਾ ਕੇ ਗੰਦਾ ਪਾਣੀ ਸਾਫ ਕਰ ਕੇ ਜੇ ਸਿੰਜਾਈ ਲਈ ਵਰਤਿਆ ਜਾਏ ਤਾਂ ਨਿਕਾਸੀ ਦੀ ਸਮੱਸਿਆ ਦੂਰ ਹੋ ਜਾਏਗੀ ਤੇ ਤਲਾਬ ਵੀ ਓਵਰਫਲੋਅ ਹੋਣ ਤੋਂ ਬਚਣਗੇ। ਇਸ ਮੌਕੇ ਸਾਬਕਾ ਮੰਤਰੀ ਕ੍ਰਿਸ਼ਨ ਬੇਦੀ, ਮੰਡਲ ਪ੍ਰਧਾਨ ਸਰਬਜੀਤ ਸਿੰਘ ਕਲਸਾਣੀ, ਮਹਾਂ ਮੰਤਰੀ ਬਾਬੂ ਰਾਮ ਸੈਣੀ, ਜਗਦੀਪ ਸਾਂਗਵਾਨ, ਗੁਲਸ਼ਨ, ਸਤਪਾਲ, ਅਨਿਲ ਰਾਣਾ, ਰਵਿੰਦਰ ਸਾਂਗਵਾਨ, ਸੁਲਤਾਨ ਸਿੰਘ ਅਜਰਾਣਾ, ਰਾਜਿੰਦਰ ਕੁਰੜੀ, ਮਹਿਲ ਸਿੰਘ ਪਾਡਲੂ, ਸਰਪੰਚ ਪਵਨ ਰਾਣਾ, ਸਰਪੰਚ ਗੁਰਬਖਸ਼, ਸਰਪੰਚ ਸੰਜੀਵ ਜੰਦੇੜੀ, ਬੁਹਾਵਾ ਦੇ ਸਰਪੰਚ ਸੰਜੀਵ ਕੁਮਾਰ ਤੋਂ ਇਲਾਵਾ ਕਈ ਪਤਵੰਤੇ ਮੌਜੂਦ ਸਨ।