ਜਗਤਾਰ ਸਮਾਲਸਰ
ਏਲਨਾਬਾਦ, 13 ਜੁਲਾਈ
ਸਰਦਾਰ ਸੁਖਦੇਵ ਸਿੰਘ ਸੰਧੂ ਚੈਰੀਟੇਬਲ ਟਰੱਸਟ ਵੱਲੋਂ ਅੱਜ ਬੂਟੇ ਵੰਡਣ ਲਈ ਸਮਾਰੋਹ ਕਰਵਾਇਆ ਗਿਆ। ਟਰੱਸਟ ਦੇ ਪ੍ਰਧਾਨ ਰਾਜਿੰਦਰ ਸਿੰਘ ਸੰਧੂ ਨੇ ਮਹਿਮਾਨਾਂ ਦਾ ਸਵਾਗਤ ਕਰਦਿਆਂ ਲੋਕਾਂ ਨੂੰ ਵੱਧ ਤੋਂ ਵੱਧ ਪੌਦੇ ਲਾਉਣ ਦਾ ਸੁਨੇਹਾ ਦਿੱਤਾ। ਉਨ੍ਹਾਂ ਦੱਸਿਆ ਕਿ ਇਸ ਮੌਕੇ ਟਾਹਲੀ, ਨਿੰਮ, ਸੁਹੰਜਣਾ, ਔਲਾ, ਅਮਰੂਦ, ਜਾਮਣ, ਅਰਜੁਨ, ਬਕੈਨ, ਹਰੜ, ਬਹੇੜਾ ਤੇ ਪਿੱਪਲ ਆਦਿ ਸਮੇਤ 13 ਕਿਸਮਾਂ ਦੇ ਕਰੀਬ 3400 ਬੂਟੇ ਲੋਕਾਂ ਨੂੰ ਵੰਡੇ ਗਏ ਹਨ। ਟਰੱਸਟ ਵੱਲੋਂ ਪਿੰਡ ਸੰਤਨਗਰ ਦੇ ਬਾਜ਼ਾਰ ਵਿੱਚ ਅਤੇ ਘਰ-ਘਰ ਜਾ ਕੇ ਲੋਕਾਂ ਨੂੰ ਪੌਦੇ ਵੰਡੇ ਗਏ। ਪ੍ਰੋਗਰਾਮ ਵਿੱਚ ਕਾਂਗਰਸ ਪਾਰਟੀ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਮਲਕੀਤ ਸਿੰਘ ਖੋਸਾ ਮੁੱਖ ਮਹਿਮਾਨ ਵਜੋਂ ਪਹੁੰਚੇ। ਐੱਸਪੀਐੱਸ ਇੰਟਰਨੈਸ਼ਨਲ ਸਕੂਲ ਦੇ ਬੱਚੇ ਪਿ੍ਰਸੀਪਲ ਡਾ. ਪੁਨੀਤ ਚੰਦੇਲ ਦੀ ਅਗਵਾਈ ਵਿੱਚ ਪਹੁੰਚੇ ਅਤੇ ਉਨ੍ਹਾਂ ਸਕੂਲ ਵਿੱਚ ਪੌਦੇ ਲਗਾਏ। ਇਸ ਮੌਕੇ ਨੰਬਰਦਾਰ ਗੁਰਦੇਵ ਸਿੰਘ, ਰਾਜਿੰਦਰ ਸਿੰਘ ਸੰਧੂ, ਬਲਹਾਰ ਸਿੰਘ ਸੰਧੂ, ਸਰਪੰਚ ਕਰਮ ਸਿੰਘ, ਦੀਦਾਰ ਸਿੰਘ ਓਲੰਪੀਅਨ, ਗੁਰਚਰਨ ਸਿੰਘ, ਦਵਿੰਦਰ ਸਿੰਘ ਬਾਜਵਾ, ਧਿਆਨ ਸਿੰਘ ਭਿੰਡਰ, ਸੇਵਕ ਸਿੰਘ ਵਿਰਕ, ਬਲਵਿੰਦਰ ਸਿੰਘ ਨਾਈਵਾਲਾ, ਰਾਮ ਕੁਮਾਰ ਸਿੰਘ ਤੇ ਉੱਤਮ ਸਿੰਘ ਵੜੈਚ ਹਾਜ਼ਰ ਸਨ।