ਹਤਿੰਦਰ ਮਹਿਤਾ
ਜਲੰਧਰ, 14 ਜੁਲਾਈ
ਜਲੰਧਰ ਕਮਿਸ਼ਨਰੇਟ ਪੁਲੀਸ ਨੇ ਲਖਬੀਰ ਲੰਡਾ ਗਰੋਹ ਦੇ ਪੰਜ ਹੋਰ ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਹੈ , ਜਿਨ੍ਹਾਂ ਕੋਲੋਂ ਤਿੰਨ ਪਿਸਤੌਲ ਤੇ ਰੌਂਦ ਬਰਾਮਦ ਕੀਤੇ ਗਏ ਹਨ। ਪੁਲੀਸ ਕਮਿਸ਼ਨਰ ਸਵਪਨ ਸ਼ਰਮਾ ਨੇ ਦੱਸਿਆ ਕਿ ਹੁਣ ਤੱਕ ਇਸ ਗਰੋਹ ਦੇ 13 ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਿਆ ਹੈ। ਪੁਲੀਸ ਨੇ ਹੁਣ ਸਿਮਰਨਜੀਤ ਸਿੰਘ ਉਰਫ਼ ਸਿੰਮਾ ਵਾਸੀ ਪਿੰਡ ਸੰਗਤਪੁਰਾ ਜ਼ਿਲ੍ਹਾ ਤਰਨ ਤਾਰਨ, ਪਰਮਜੀਤ ਸਿੰਘ ਉਰਫ਼ ਪੰਮਾ ਵਾਸੀ ਪਿੰਡ ਯਮਾਰਾਏ ਜ਼ਿਲ੍ਹਾ ਤਰਨ ਤਾਰਨ, ਦਿਲਬਾਗ ਸਿੰਘ ਉਰਫ਼ ਬਾਗਾ ਵਾਸੀ ਪਿੰਡ ਬਡੇ ਸਭਰਾ ਥਾਣਾ ਸਦਰ ਤਰਨ ਤਾਰਨ, ਦਿਲਪ੍ਰੀਤ ਸਿੰਘ ਵਾਸੀ ਪਿੰਡ ਹਰੀਕੇ, ਜ਼ਿਲ੍ਹਾ ਤਰਨ ਤਾਰਨ ਅਤੇ ਸਾਜਨਦੀਪ ਸਿੰਘ ਉਰਫ਼ ਸਾਜਨ ਵਾਸੀ ਪਿੰਡ ਕੁੱਤੀਵਾਲਾ ਜ਼ਿਲ੍ਹਾ ਤਰਨ ਤਾਰਨ ਨੂੰ ਗ੍ਰਿਫ਼ਤਾਰ ਕੀਤਾ ਹੈ।
ਉਨ੍ਹਾਂ ਦੱਸਿਆ ਕਿ ਪੁੱਛਗਿੱਛ ਦੌਰਾਨ ਪਰਮਜੀਤ ਸਿੰਘ ਉਰਫ ਪੰਮਾ ਨੇ 30 ਬੋਰ ਦਾ ਪਿਸਤੌਲ ਤੇ ਇੱਕ ਰੌਂਦ ਅਤੇ ਇੱਕ ਹੋਰ ਮੁਲਜ਼ਮ ਸਿਮਰਨਜੀਤ ਸਿੰਘ ਉਰਫ਼ ਸਿੰਮਾ ਨੇ 32 ਬੋਰ ਦਾ ਪਿਸਤੌਲ ਤੇ ਰੌਂਦ ਰੱਖਣ ਦੀ ਗੱਲ ਕਬੂਲ ਕੀਤੀ ਹੈ। ਸ੍ਰੀ ਸ਼ਰਮਾ ਨੇ ਦੱਸਿਆ ਕਿ ਦਿਲਪ੍ਰੀਤ ਸਿੰਘ, ਲਖਵੀਰ ਸਿੰਘ ਉਰਫ ਲੰਡਾ ਦੇ ਸੰਪਰਕ ਵਿੱਚ ਸੀ ਅਤੇ ਉਸ ਦੇ ਕਹਿਣ ’ਤੇ ਤਰਨ ਤਾਰਨ ਅਤੇ ਅੰਮ੍ਰਿਤਸਰ ਵਿੱਚ ਵਪਾਰੀਆਂ ਤੇ ਦੁਕਾਨਦਾਰਾਂ ਨੂੰ ਧਮਕੀਆਂ ਦਿੰਦਾ ਸੀ ਅਤੇ ਉਸ ਕੋਲੋਂ 30 ਬੋਰ ਦੇ ਰੌਂਦ ਬਰਾਮਦ ਹੋਏ ਸਨ। ਪੁਲੀਸ ਕਮਿਸ਼ਨਰ ਨੇ ਦੱਸਿਆ ਕਿ ਸਾਜਨਦੀਪ ਸਿੰਘ ਉਰਫ ਸਾਜਨ ਵੀ ਲਖਵੀਰ ਸਿੰਘ ਉਰਫ ਲੰਡਾ ਦੇ ਸੰਪਰਕ ਵਿੱਚ ਸੀ ਅਤੇ ਤਰਨ ਤਾਰਨ ਤੇ ਅੰਮ੍ਰਿਤਸਰ ਵਿੱਚ ਵਪਾਰੀਆਂ, ਆੜ੍ਹਤੀਆਂ ਅਤੇ ਦੁਕਾਨਦਾਰਾਂ ਤੋਂ ਫਿਰੌਤੀ ਮੰਗਦਾ ਸੀ ਅਤੇ ਉਸ ਦੇ ਕਬਜ਼ੇ ਵਿੱਚੋਂ ਇੱਕ ਰੌਂਦ ਬਰਾਮਦ ਹੋਇਆ ਸੀ।