ਕਰਮਜੀਤ ਸਿੰਘ ਚਿੱਲਾ
ਬਨੂੜ, 14 ਜੁਲਾਈ
ਲੋਕਾਂ ਦੀਆਂ ਮੁਸ਼ਕਿਲਾਂ ਨੂੰ ਪਿੰਡ ਪੱਧਰ ’ਤੇ ਹੱਲ ਕਰਨ ਲਈ ‘ਆਪ ਦੀ ਸਰਕਾਰ ਆਪ ਦੇ ਦੁਆਰ’ ਲੜੀ ਅਧੀਨ ਪਿੰਡ ਤਸੌਲੀ ਵਿੱਚ ਸੁਵਿਧਾ ਕੈਂਪ ਲਗਾਇਆ ਗਿਆ। ਇਸ ਮੌਕੇ ਰਾਜਪੁਰਾ ਹਲਕੇ ਦੀ ਵਿਧਾਇਕਾ ਨੀਨਾ ਮਿੱਤਲ ਵੀ ਉਚੇਚੇ ਤੌਰ ’ਤੇ ਪਹੁੰਚੇ। ਇਸ ਮੌਕੇ ਪਿੰਡ ਕਲੌਲੀ ਅਤੇ ਅਬਰਾਵਾਂ ਦੇ ਵਸਨੀਕਾਂ ਨੇ ਕੈਂਪ ਦਾ ਲਾਹਾ ਲਿਆ। ਨੀਨਾ ਮਿੱਤਲ ਨੇ ਦੱਸਿਆ ਕਿ ਕੈਂਪ ਵਿੱਚ 43 ਦੇ ਕਰੀਬ ਸੁਵਿਧਾਵਾਂ ਮੁਹੱਈਆ ਕਰਾਈਆਂ ਗਈਆਂ। ਉਨ੍ਹਾਂ ਲੋਕਾਂ ਨੂੰ ਇਨ੍ਹਾਂ ਸੁਵਿਧਾਵਾਂ ਦਾ ਘਰ ਬੈਠੇ ਲਾਭ ਹਾਸਿਲ ਕਰਨ ਲਈ 1076 ਨੰਬਰ ਉੱਤੇ ਸੰਪਰਕ ਕਰਨ ਲਈ ਵੀ ਕਿਹਾ।
ਮੁਹਾਲੀ ਦੇ ਐਸਡੀਐਮ ਦੀਪਾਂਕਰ ਗਰਗ ਨੇ ਦੱਸਿਆ ਕਿ ਅੱਜ ਦੇ ਇਸ ਕੈਂਪ ਦੌਰਾਨ ਮਾਲ ਮਹਿਕਮੇ ਨਾਲ ਸਬੰਧਤ 8, ਕਿਰਤ ਮਹਿਕਮੇ ਨਾਲ ਸਬੰਧਤ 3, ਸਿਹਤ ਮਹਿਕਮੇ ਨਾਲ ਸਬੰਧਤ 28, ਸੀਡੀਪੀਓ ਦਫ਼ਤਰ ਨਾਲ ਸਬੰਧਤ 10, ਖੇਤੀਬਾੜੀ ਤੇ ਕਿਸਾਨ ਭਲਾਈ ਮਹਿਕਮੇ ਨਾਲ ਸਬੰਧਤ 11, ਲੋਕ ਨਿਰਮਾਣ ਵਿਭਾਗ ਨਾਲ ਸਬੰਧਤ 4, ਖੁਰਾਕ ਤੇ ਸਿਵਲ ਸਪਲਾਈ ਨਾਲ ਸਬੰਧਤ 75 ਅਤੇ ਸੇਵਾ ਕੇਂਦਰ ਨਾਲ ਸਬੰਧਤ 30 ਮਾਮਲੇ ਪ੍ਰਾਪਤ ਹੋਏ, ਜਿਨ੍ਹਾਂ ’ਚੋਂ ਜ਼ਿਆਦਾਤਰ ਦਾ ਮੌਕੇ ’ਤੇ ਹੱਲ ਕੀਤਾ ਗਿਆ ਅਤੇ ਬਾਕੀ ਸਬੰਧਤ ਵਿਭਾਗਾਂ ਨੂੰ ਸਮਾਂ-ਬੱਧ ਕਾਰਵਾਈ ਕਰਨ ਲਈ ਸੌਂਪੇ ਗਏ।
ਇਸ ਮੌਕੇ ਐਮਐਲਏ ਨੀਨਾ ਮਿੱਤਲ ਨੇ ਪਿੰਡ ’ਚ ਬੂਟਾ ਲਾ ਕੇ ਹਰਿਆਵਲ ਮੁਹਿੰਮ ਦੀ ਸ਼ੁਰੂਆਤ ਵੀ ਕੀਤੀ।
ਮੌਕੇ ’ਤੇ ਬਦਲਿਆ ਕੈਂਪ ਦਾ ਸਥਾਨ
ਅੱਜ ਪਿੰਡ ਤਸੌਲੀ ਵਿਖੇ ਲਗਾਇਆ ਗਿਆ ਸੁਵਿਧਾ ਕੈਂਪ ਪਹਿਲਾਂ ਪਿੰਡ ਕਲੌਲੀ ਵਿੱਚ ਨਿਸ਼ਚਿਤ ਕੀਤਾ ਗਿਆ ਸੀ। ਸਰਕਾਰੀ ਤੌਰ ਉੱਤੇ ਵੀਰਵਾਰ ਨੂੰ ਜਾਰੀ ਕੀਤੇ ਗਏ ਪ੍ਰੈੱਸ ਨੋਟ ਵਿਚ ਵੀ ਕੈਂਪ ਦਾ ਸਥਾਨ ਕਲੌਲੀ ਦੱਸਿਆ ਗਿਆ ਸੀ ਤੇ ਇੱਥੇ ਤਸੌਲੀ ਅਤੇ ਦੇਵੀਨਗਰ(ਅਬਰਾਵਾਂ) ਦੇ ਲੋੜਵੰਦਾਂ ਨੂੰ ਪਹੁੰਚਣ ਦਾ ਸੱਦਾ ਦਿੱਤਾ ਗਿਆ ਸੀ। ਅੱਜ ਆਖਰੀ ਮੌਕੇ ’ਤੇ ਇਹ ਕੈਂਪ ਕਲੌਲੀ ਦੀ ਥਾਂ ਤਸੌਲੀ ਵਿਖੇ ਲਗਾਇਆ ਗਿਆ।