ਸੰਜੀਵ ਬੱਬੀ
ਚਮਕੌਰ ਸਾਹਿਬ, 14 ਜੁਲਾਈ
ਮਹਿੰਗਾਈ ਨੇ ਅੱਜ ਆਮ ਬੰਦੇ ਦਾ ਲੱਕ ਤੋੜ ਕੇ ਰੱਖ ਦਿੱਤਾ ਹੈ। ਸਮੇਂ ਦੀਆਂ ਸਰਕਾਰਾਂ ਮਹਿੰਗਾਈ ਨੂੰ ਰੋਕਣ ਵਿਚ ਫੇਲ੍ਹ ਸਾਬਤ ਹੋ ਰਹੀਆਂ ਹਨ। ਜੇਕਰ ਘਰ ਦੀ ਰਸੋਈ ਦੀ ਗੱਲ ਕਰੀਏ ਤਾਂ ਰਸੋਈ ਦਾ ਖਰਚਾ ਦਿਨੋਂ-ਦਿਨ ਵਧਦਾ ਜਾ ਰਿਹਾ ਹੈ। ਸਬਜ਼ੀ ਕਾਸ਼ਤਕਾਰ ਕਿਸਾਨ ਬਲਵੀਰ ਸਿੰਘ, ਜੈ ਰਾਮ ਅਤੇ ਅਬਦੁੱਲ ਨੇ ਦੱਸਿਆ ਕਿ ਪਹਿਲਾਂ ਧੁੱਪ ਤੇ ਹੁਣ ਮੀਂਹ ਕਾਰਨ ਟਮਾਟਰ ਦੀ ਫ਼ਸਲ ਦਾ ਨੁਕਸਾਨ ਹੋਇਆ ਹੈ।
ਸਬਜ਼ੀ ਮੰਡੀ ਦੇ ਆੜ੍ਹਤੀ ਬਹਾਦਰ ਸਿੰਘ ਨੇ ਦੱਸਿਆ ਕਿ ਟਮਾਟਰ ਦੇ ਭਾਅ ਵਧਣ ਦਾ ਮੁੱਖ ਕਾਰਨ ਬਰਸਾਤ ਹੈ। ਆੜ੍ਹਤੀ ਪਵਿੱਤਰ ਸਿੰਘ ਨੇ ਦੱਸਿਆ ਕਿ ਮੁਰਾਦਾਬਾਦ ਖੇਤਰ ਵਿਚ ਟਮਾਟਰ ਦਾ ਉਤਪਾਦਨ ਵੱਡੀ ਮਾਤਰਾ ਵਿਚ ਹੁੰਦਾ ਹੈ, ਜਿੱਥੋਂ ਟਮਾਟਰ ਪੰਜਾਬ, ਹਰਿਆਣਾ ਅਤੇ ਹਿਮਾਚਲ ਆਦਿ ਸੂਬਿਆਂ ਨੂੰ ਸਪਲਾਈ ਕੀਤਾ ਜਾਂਦਾ ਹੈ, ਬਰਸਾਤ ਕਾਰਨ ਟਮਾਟਰ ਦੀ ਫਸਲ ਖਰਾਬ ਹੋ ਗਈ ਹੈ। ਇਸ ਲਈ ਟਮਾਟਰ ਦੀ ਸਹੀ ਮਾਤਰਾ ਵਿਚ ਸਪਲਾਈ ਅਤੇ ਘਾਟ ਕਾਰਨ ਭਾਅ ਵਿਚ ਵਾਧਾ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਜੁਲਾਈ ਮਹੀਨੇ ਵਿਚ ਪਏ ਮੀਂਹ ਕਾਰਨ ਹਰੀਆਂ ਸਬਜ਼ੀਆਂ ਦੇ ਨਾਲ-ਨਾਲ ਆਲੂ, ਪਿਆਜ਼ ਤੇ ਟਮਾਟਰ ਦੀਆਂ ਕੀਮਤਾਂ ਵਿਚ ਭਾਰੀ ਵਾਧਾ ਹੋਇਆ ਹੈ, ਜਿੱਥੇ ਜੂਨ ਮਹੀਨੇ ਵਿਚ ਟਮਾਟਰ 20 ਤੋਂ 30 ਰੁਪਏ ਕਿੱਲੋ ਵਿਕਿਆ, ਉੱਥੇ ਹੁਣ ਜੁਲਾਈ ਵਿਚ 70 ਤੋਂ 80 ਰੁਪਏ ਕਿੱਲੋ ਵਿਕ ਰਿਹਾ ਹੈ। ਇਸੇ ਤਰ੍ਹਾਂ ਆਲੂ ਦੇ ਭਾਅ 20 ਰੁਪਏ ਤੋਂ ਵਧ ਕੇ 35 ਤੋਂ 40 ਰੁਪਏ ਕਿੱਲੋ ਹੋ ਗਿਆ ਹੈ, ਜਦੋਂ ਕਿ ਪਿਆਜ਼ 25 ਰੁਪਏ ਤੋਂ ਵਧ ਕੇ 45 ਤੋਂ 50 ਰੁਪਏ ਕਿੱਲੋ ਵਿਕ ਹੈ। ਇਸ ਤੋਂ ਇਲਾਵਾ ਘੀਆ 60 ਤੋਂ 80 ਰੁਪਏ ਪ੍ਰਤੀ ਕਿੱਲੋ, ਫਲੀ ਮਟਰ 90 ਤੋਂ 100 ਰੁਪਏ, ਗੋਭੀ 80 ਤੋਂ 90 ਰੁਪਏ, ਸ਼ਿਮਲਾ ਮਿਰਚ 100 ਤੋਂ 130 ਰੁਪਏ ਕਿੱਲੋ, ਅਰਬੀ 70 ਤੋਂ 85 ਰੁਪਏ ਕਿੱਲੋ, ਬੈਂਗਣ 60 ਤੋਂ 75 ਰੁਪਏ ਕਿੱਲੋ, ਖੀਰਾ 50 ਤੋਂ 60 ਰੁਪਏ ਕਿੱਲੋ, ਭਿੰਡੀ 80 ਤੋਂ 100 ਰੁਪਏ ਕਿੱਲੋ, ਕੱਦੂ 50 ਤੋਂ 60 ਰੁਪਏ ਕਿੱਲੋ ਅਤੇ ਕਾਲੀ ਤੋਰੀ 60 ਤੋਂ 80 ਰੁਪਏ ਕਿਲੋ ਵਿਕ ਰਹੀ ਹੈ। ਇਨ੍ਹਾਂ ਸਬਜ਼ੀਆਂ ਦੇ ਵਧੇ ਭਾਅ ਕਾਰਨ ਰਸੋਈ ਦਾ ਖਰਚਾ ਵਧਾ ਕੇ ਰੱਖ ਦਿੱਤਾ ਹੈ, ਜਿਸ ਕਾਰਨ ਸੁਆਣੀਆਂ ਪ੍ਰੇਸ਼ਾਨ ਹਨ, ਉੱਥੇ ਹੀ ਕਿਸਾਨ ਮੀਂਹ ਤੇ ਗਰਮੀ ਦੀ ਹੁੰਮਸ ਵਿਚ ਖਰਾਬ ਹੋਈ ਫਸਲ ਕਾਰਨ ਬੇਵੱਸ ਤੇ ਲਾਚਾਰ ਬਣ ਗਏ ਹਨ।