ਪੱਤਰ ਪ੍ਰੇਰਕ
ਜਲੰਧਰ, 15 ਜੁਲਾਈ
ਸੂਰਿਆ ਐਨਕਲੇਵ ਵਿੱਚ ਸਥਿਤ ਸੂਰਿਆ ਵਿੱਚ ਬੀਤੀ ਰਾਤ ਜੇ-2 ਬਲਾਕ ਦੀ ਪੰਜਵੀਂ ਮੰਜ਼ਿਲ ’ਤੇ ਰਹਿਣ ਵਾਲੇ ਬਜ਼ੁਰਗ ਜਨਪਾਲ ਸਿੰਘ ਨੂੰ ਦਿਲ ਦਾ ਦੌਰਾ ਪੈ ਗਿਆ ਤੇ ਲਿਫਟ ਕੰਮ ਨਾ ਕਰਦੀ ਹੋਣ ਕਾਰਨ, ਉਸ ਨੂੰ ਤੁਰੰਤ ਡਾਕਟਰੀ ਸਹਾਇਤਾ ਨਹੀਂ ਮਿਲ ਸਕੀ। ਉਸ ਦੀ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਮੌਤ ਹੋ ਗਈ। ਇਸ ਤੋਂ ਰੋਸ ਵਿੱਚ ਆਏ ਵਸਨੀਕਾਂ ਨੇ ਬਿਲਡਰ ਅਤੇ ਜੇਆਈਟੀ ’ਤੇ ਉਨ੍ਹਾਂ ਦੀਆਂ ਸ਼ਿਕਾਇਤਾਂ ਨੂੰ ਹੱਲ ਕਰਨ ਵਿੱਚ ਅਸਫਲ ਰਹਿਣ ਦਾ ਦੋਸ਼ ਲਗਾਇਆ। ਜਨਪਾਲ ਸਿੰਘ ਦੀ ਧੀ ਗਗਨਦੀਪ ਕੌਰ ਨੇ ਖ਼ੁਲਾਸਾ ਕੀਤਾ ਕਿ ਲਿਫਟ ਨਾ ਚੱਲਣ ਕਾਰਨ ਇਲਾਜ ’ਚ ਇੱਕ ਘੰਟੇ ਦੀ ਦੇਰੀ ਹੋਈ ਜਿਸ ਕਾਰਨ ਉਸ ਦੇ ਪਿਤਾ ਦੀ ਮੌਤ ਹੋ ਗਈ।
ਉਸ ਨੇ ਦੱਸਿਆ ਕਿ ਉਹ ਉਸੇ ਇਮਾਰਤ ਦੀ ਅੱਠਵੀਂ ਮੰਜ਼ਿਲ ’ਤੇ ਰਹਿੰਦੀ ਹੈ। ਇੱਥੇ ਦੋ ਲਿਫਟਾਂ ਦਾ ਵਾਅਦਾ ਕੀਤਾ ਗਿਆ ਸੀ, ਇੱਕ ਤਾਂ ਕਦੇ ਨਹੀਂ ਲਗਾਈ ਹੀ ਨਹੀਂ ਗਈ ਜੋ ਲਗਾਈ ਗਈ ਉਹ ਪਿਛਲੇ ਪੰਜ ਦਿਨਾਂ ਤੋਂ ਬੰਦ ਪਈ ਹੈ। ਸੂਰਿਆ ਗ੍ਰੀਨਜ਼ ਰੈਜ਼ੀਡੈਂਟਸ ਵੈੱਲਫੇਅਰ ਸੁਸਾਇਟੀ ਦੇ ਪ੍ਰਧਾਨ ਪਰਮਵੀਰ ਸਿੰਘ ਪਠਾਨੀਆ ਨੇ ਦੱਸਿਆ ਉਹ ਪਿਛਲੇ 17 ਸਾਲਾਂ ਤੋਂ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਹਨ।
ਜੇਆਈਟੀ ਦੇ ਚੇਅਰਮੈਨ ਜਗਤਾਰ ਸੰਘੇੜਾ ਨੇ ਕਿਹਾ ਕਿ ਗੈਰ-ਕਾਰਜਸ਼ੀਲ ਲਿਫਟ ਦੇ ਮਾਮਲੇ ਦੀ ਜਾਂਚ ਕੀਤੀ ਜਾਵੇਗੀ ਤੇ ਜੇ ਕੋਈ ਅਣਗਹਿਲੀ ਪਾਈ ਗਈ ਤਾਂ ਬਿਲਡਰ ਨੂੰ ਨੋਟਿਸ ਜਾਰੀ ਕੀਤਾ ਜਾਵੇਗਾ।
ਐਸਟੀਪੀਐਲ ਦੇ ਨੁਮਾਇੰਦੇ ਰਾਜੇਸ਼ ਚੌਧਰੀ ਨੇ ਦਾਅਵਾ ਕੀਤਾ ਕਿ ਕੰਪਨੀ ਦੀ ਕੋਈ ਗ਼ਲਤੀ ਨਹੀਂ ਸੀ ਅਤੇ ਲਿਫਟ ਦੀ ਮੁਰੰਮਤ ਦੀਆਂ ਕੋਸ਼ਿਸ਼ਾਂ ਪਹਿਲਾਂ ਹੀ ਜਾਰੀ ਹਨ।