ਨਿੱਜੀ ਪੱਤਰ ਪ੍ਰੇਰਕ
ਡੇਰਾਬੱਸੀ, 15 ਜੁਲਾਈ
ਗੁਲਾਬਗੜ੍ਹ ਸੜਕ ’ਤੇ ਸਥਿਤ ਪ੍ਰੀਤ ਨਗਰ ਦੀ ਗਲੀ ਨੰਬਰ 6 ਵਿੱਚ ਕਿਰਾਏ ’ਤੇ ਰਹਿੰਦੀ ਇਕ ਵਿਆਹੁਤਾ ਨੇ ਗਲ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਵਿਆਹੁਤਾ ਦੇ ਇਸ ਖੁਦਕੁਸ਼ੀ ਕਰਨ ਮੌਕੇ ਉਸ ਦਾ ਛੇ ਸਾਲਾ ਲੜਕਾ ਤੇ ਪੰਜ ਸਾਲਾ ਲੜਕੀ ਘਰ ਸੀ। ਲੜਕੇ ਨੇ ਮਕਾਨ ਮਾਲਕ ਨੂੰ ਘਟਨਾ ਦੀ ਜਾਣਕਾਰੀ ਦਿੱਤੀ। ਮਕਾਨ ਮਾਲਕ ਨੇ ਇਸ ਸਬੰਧੀ ਪੁਲੀਸ ਨੂੰ ਸੂਚਿਤ ਕੀਤਾ। ਮ੍ਰਿਤਕਾ ਦੀ ਪਛਾਣ ਲਾਖੋ ਦੇਵੀ ਪਤਨੀ ਦਿਨੇਸ਼ ਮੂਲਰੂਪ ਵਾਸੀ ਬਿਹਾਰ ਵਜੋਂ ਹੋਈ ਹੈ। ਲਾਖੋ ਦੇਵੀ ਦਾ ਪਤੀ ਦਿਹਾੜੀ ਕਰਦਾ ਹੈ ਅਤੇ ਅੱਜ ਵੀ ਦਿਹਾੜੀ ਲਾਉਣ ਗਿਆ ਹੋਇਆ ਸੀ। ਮਾਮਲੇ ਦੀ ਜਾਂਚ ਕਰ ਰਹੇ ਹੌਲਦਾਰ ਸੁਖਜਿੰਦਰ ਸਿੰਘ ਨੇ ਦੱਸਿਆ ਕਿ ਲਾਖੋ ਦੇਵੀ ਨੇ ਖ਼ੁਦਕੁਸ਼ੀ ਕਰਨ ਤੋਂ ਪਹਿਲਾਂ ਘਰ ਦੇ ਫਰਸ਼ ’ਤੇ ਬਿਹਾਰੀ ਭਾਸ਼ਾ ਵਿੱਚ ਬੱਚਿਆਂ ਨੂੰ ਉਨ੍ਹਾਂ ਦੇ ਨਾਨਾ ਦੇ ਹਵਾਲੇ ਕਰਨ ਬਾਰੇ ਲਿਖਿਆ ਹੋਇਆ ਹੈ। ਪੁਲੀਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।