ਨਿੱਜੀ ਪੱਤਰ ਪ੍ਰੇਰਕ
ਅੰਬਾਲਾ, 15 ਜੁਲਾਈ
ਕਿਸਾਨ ਅੰਦੋਲਨ ਦੌਰਾਨ ਵਾਟਰ ਕੈਨਨ ਬੁਆਏ ਵਜੋਂ ਮਸ਼ਹੂਰ ਹੋਏ ਜਲਬੇੜਾ ਪਿੰਡ ਦੇ ਨੌਜਵਾਨ ਕਿਸਾਨ ਨਵਦੀਪ ਸਿੰਘ ਜਲਬੇੜਾ ਮਾਰਚ ਮਹੀਨੇ ਤੋਂ ਅੰਬਾਲਾ ਦੀ ਕੇਂਦਰੀ ਜੇਲ੍ਹ ਵਿੱਚ ਬੰਦ ਹੈ। ਸੀਆਈਏ ਨੇ ਉਸ ਨੂੰ ਉਸ ਦੇ ਸਾਥੀ ਸਮੇਤ ਚੰਡੀਗੜ੍ਹ ਹਵਾਈ ਅੱਡੇ ਲਾਗਿਓਂ ਗ੍ਰਿਫ਼ਤਾਰ ਕੀਤਾ ਸੀ। ਇਸ ਨੌਜਵਾਨ ਆਗੂ ਦੀ ਰਿਹਾਈ ਲਈ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਪੰਜਾਬ ਤੇ ਹਰਿਆਣਾ ਦੀਆਂ ਕਿਸਾਨ ਜਥੇਬੰਦੀਆਂ ਭਲਕੇ 17 ਜੁਲਾਈ ਨੂੰ ਅੰਬਾਲਾ ਦੇ ਐੱਸਪੀ ਦਫ਼ਤਰ ਨੂੰ ਘੇਰਨ ਲਈ ਅਨਾਜ ਮੰਡੀ ਵਿੱਚ ਇਕੱਠੀਆਂ ਹੋ ਰਹੀਆਂ ਹਨ। ਗਾਇਕ ਕਲਾਕਾਰ ਰੇਸ਼ਮ ਸਿੰਘ ਅਨਮੋਲ ਨੇ ਨਵਦੀਪ ਸਿੰਘ ਦੇ ਘਰ ਜਲਬੇੜਾ ਪਹੁੰਚ ਕੇ ਨਵਦੀਪ ਦੇ ਪਿਤਾ ਕਿਸਾਨ ਆਗੂ ਜੈ ਸਿੰਘ ਜਲਬੇੜਾ ਅਤੇ ਉਸ ਦੀ ਮਾਤਾ ਨਾਲ ਗੱਲਬਾਤ ਦੀ ਵੀਡੀਓ ਜਾਰੀ ਕਰ ਕੇ ਕਿਸਾਨਾਂ ਨੂੰ 17 ਅਤੇ 18 ਜੁਲਾਈ ਨੂੰ ਅਨਾਜ ਮੰਡੀ ਅੰਬਾਲਾ ਸ਼ਹਿਰ ਪਹੁੰਚਣ ਦੀ ਅਪੀਲ ਕੀਤੀ ਹੈ। ਦੂਜੇ ਪਾਸੇ ਕਿਸਾਨ ਜਥੇਬੰਦੀਆਂ ਦੇ ਐੱਸਪੀ ਦਫ਼ਤਰ ਘੇਰਨ ਦੇ ਐਲਾਨ ਤੋਂ ਬਾਅਦ ਪੁਲੀਸ ਪ੍ਰਸ਼ਾਸਨ ਵੀ ਚੌਕਸ ਹੋ ਗਿਆ ਹੈ। ਪੁਲੀਸ ਨੇ ਭਾਰਤੀ ਕਿਸਾਨ ਯੂਨੀਅਨ ਸ਼ਹੀਦ ਭਗਤ ਸਿੰਘ ਦੇ ਆਗੂਆਂ ਖ਼ਿਲਾਫ਼ ਫਰਵਰੀ ਮਹੀਨੇ ਵਿੱਚ ਦਰਜ ਕੀਤੇ ਮਾਮਲਿਆਂ ਸਬੰਧੀ ਜਾਂਚ ਵਿੱਚ ਸ਼ਾਮਲ ਹੋਣ ਲਈ ਨੋਟਿਸ ਜਾਰੀ ਕੀਤੇ ਹਨ।