ਮੁੰਬਈ, 16 ਜੁਲਾਈ
ਇੱਥੋਂ ਦੇ ਬੀਐਮਡਬਲਿਊ ਹਿੱਟ ਐਂਡ ਰਨ ਕੇਸ ਵਿੱਚ ਅਦਾਲਤ ਨੇ ਮਿਹਰ ਸ਼ਾਹ ਨੂੰ 30 ਜੁਲਾਈ ਤਕ ਨਿਆਂਇਕ ਹਿਰਾਸਤ ’ਚ ਭੇਜ ਦਿੱਤਾ ਹੈ। ਇਸ ਤੋਂ ਪਹਿਲਾਂ ਹਾਈ-ਪ੍ਰੋਫਾਈਲ ਵਰਲੀ ਹਿੱਟ ਐਂਡ ਰਨ ਕੇਸ ਦੇ ਮੁਲਜ਼ਮ ਮਿਹਰ ਸ਼ਾਹ ਨੂੰ ਸੇਵੜੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਪੁਲੀਸ ਨੇ ਮੁਲਜ਼ਮਾਂ ਲਈ ਹੋਰ ਪੁਲੀਸ ਰਿਮਾਂਡ ਦੀ ਮੰਗ ਕੀਤੀ ਪਰ ਅਦਾਲਤ ਨੇ ਰਿਮਾਂਡ ਦੇਣ ਤੋਂ ਇਨਕਾਰ ਕਰਦਿਆਂ ਮਿਹਰ ਸ਼ਾਹ ਨੂੰ 14 ਦਿਨਾਂ ਲਈ 30 ਜੁਲਾਈ ਤੱਕ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ। ਪੁਲੀਸ ਨੇ ਦੱਸਿਆ ਕਿ ਜਾਂਚ ਦੌਰਾਨ ਮਿਹਰ ਸ਼ਾਹ ਨੇ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਆਪਣੀਆਂ ਕਾਰਵਾਈਆਂ ਅਤੇ ਠਿਕਾਣਿਆਂ ਦੇ ਸਵਾਲਾਂ ਦੇ ਜਵਾਬ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਉਸ ਨੇ ਇਸ ਗੱਲ ਦਾ ਖੁਲਾਸਾ ਵੀ ਨਹੀਂ ਕੀਤਾ ਕਿ ਉਹ ਘਟਨਾ ਸਥਾਨ ਤੋਂ ਕਿਉਂ ਭੱਜਿਆ ਤੇ ਉਸ ਨੇ ਆਪਣੀ ਕਾਰ ਦੀ ਨੰਬਰ ਪਲੇਟ ਕਿੱਥੇ ਰੱਖੀ।