* ਮੁੱਖ ਮੁਲਜ਼ਮ ਨੇ ਹਜ਼ਾਰੀਬਾਗ ਵਿਚ ਐੱਨਟੀਏ ਦੇ ਟਰੰਕ ਵਿਚੋਂ ਪੇਪਰ ਕੀਤਾ ਸੀ ਚੋਰੀ
* ਕਾਬੂ ਕੀਤੇ ਮੁਲਜ਼ਮਾਂ ਦੀ ਗਿਣਤੀ 14 ਹੋਈ
ਨਵੀਂ ਦਿੱਲੀ, 16 ਜੁਲਾਈ
ਸੀਬੀਆਈ ਨੇ ਨੀਟ-ਯੂਜੀ ਪੇਪਰ ਲੀਕ ਕੇਸ ਵਿਚ ਮੁੱਖ ਮੁਲਜ਼ਮ ਸਣੇ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਅਧਿਕਾਰੀਆਂ ਨੇ ਕਿਹਾ ਕਿ ਇਸੇ ਮੁੱਖ ਮੁਲਜ਼ਮ ਨੇ ਝਾਰਖੰਡ ਦੇ ਹਜ਼ਾਰੀਬਾਗ਼ ਵਿਚ ਨੈਸ਼ਨਲ ਟੈਸਟਿੰਗ ਏਜੰਸੀ (ਐੱਨਟੀਏ) ਦੇ ਟਰੰਕ ਵਿਚੋਂ ਪੇਪਰ ਚੋਰੀ ਕੀਤਾ ਸੀ। ਅਧਿਕਾਰੀਆਂ ਨੇ ਕਿਹਾ ਕਿ ਇਨ੍ਹਾਂ ਦੋ ਗ੍ਰਿਫ਼ਤਾਰੀਆਂ ਨਾਲ ਮੈਡੀਕਲ ਦਾਖਲਾ ਪ੍ਰੀਖਿਆ ਦਾ ਪ੍ਰਸ਼ਨ ਪੱਤਰ ਲੀਕ ਹੋਣ ਤੇ ਹੋਰ ਬੇਨੇਮੀਆਂ ਨਾਲ ਜੁੜੇ ਕੇਸਾਂ ਵਿਚ ਕੁੱਲ 14 ਵਿਅਕਤੀਆਂ ਨੂੰ ਕਾਬੂ ਕੀਤਾ ਜਾ ਚੁੱਕਾ ਹੈ।
ਅਧਿਕਾਰੀਆਂ ਨੇ ਕਿਹਾ ਕਿ ਏਜੰਸੀ ਨੇ ਪੰਕਜ ਕੁਮਾਰ ਉਰਫ਼ ਆਦਿੱਤਿਆ, ਜੋ ਨੈਸ਼ਨਲ ਇੰਸਟੀਚਿਊਟ ਆਫ਼ ਟੈਕਨਾਲੋਜੀ ਤੋਂ 2017 ਬੈਚ ਦਾ ਸਿਵਲ ਇੰਜਨੀਅਰ ਹੈ, ਨੇ ਹਜ਼ਾਰੀਬਾਗ ਵਿਚ ਐੱਨਟੀਏ ਦੇ ਟਰੰਕ ਵਿਚੋਂ ਨੀਟ-ਯੂਜੀ ਦਾ ਪੇਪਰ ਚੋਰੀ ਕੀਤਾ ਸੀ। ਉਨ੍ਹਾਂ ਕਿਹਾ ਕਿ ਬੋਕਾਰੋ ਦੇ ਰਹਿਣ ਵਾਲੇ ਕੁਮਾਰ ਨੂੰ ਪਟਨਾ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸੇ ਤਰ੍ਹਾਂ ਰਾਜੂ ਸਿੰਘ ਨੂੰ ਹਜ਼ਾਰੀਬਾਗ ਤੋਂ ਕਾਬੂ ਕੀਤਾ ਗਿਆ ਹੈ। ਸਿੰਘ ’ਤੇ ਪੇਪਰ ਚੋਰੀ ਕਰਨ ਵਿਚ ਕੁਮਾਰ ਦੀ ਮਦਦ ਕਰਨਾ ਦਾ ਦੋਸ਼ ਹੈ। ਮੈਡੀਕਲ ਦਾਖ਼ਲਾ ਪ੍ਰੀਖਿਆ ਵਿਚ ਕਥਿਤ ਬੇਨੇਮੀਆਂ ਦੀ ਜਾਂਚ ਕਰ ਰਹੀ ਏਜੰਸੀ ਨੇ ਹੁਣ ਤੱਕ 6 ਐੱਫਆਈਆਰ ਦਰਜ ਕੀਤੀਆਂ ਹਨ। ਬਿਹਾਰ ਵਿਚ ਦਰਜ ਐੱਫਆਈਆਰ ਪੇਪਰ ਲੀਕ ਨਾਲ ਸਬੰਧਤ ਹੈ ਜਦੋਂਕਿ ਗੁਜਰਾਤ, ਰਾਜਸਥਾਨ ਤੇ ਮਹਾਰਾਸ਼ਟਰ ਵਿਚ ਦਰਜ ਬਾਕੀ ਐੱਫਆਈਆਰ ਪ੍ਰੀਖਿਆ ਵਿਚ ਨਕਲ ਤੇ ਕਿਸੇ ਹੋਰ ਉਮੀਦਵਾਰ ਦੀ ਥਾਂ ਪੇਪਰ ਦੇਣ ਨਾਲ ਸਬੰਧਤ ਹਨ। ਏਜੰਸੀ ਦੀ ਆਪਣੀ ਐੱਫਆਈਆਰ ਕੇਂਦਰੀ ਸਿੱਖਿਆ ਮੰਤਰਾਲੇ ਦੇ ਹਵਾਲੇ ਨਾਲ ਸਬੰਧਤ ਹੈ, ਜਿਸ ਵਿਚ ਪ੍ਰੀਖਿਆ ਵਿਚ ਕਥਿਤ ਬੇਨੇਮੀਆਂ ਦੀ ‘ਵਿਆਪਕ ਜਾਂਚ’ ਦੀ ਮੰਗ ਕੀਤੀ ਗਈ ਸੀ। -ਪੀਟੀਆਈ