ਪੱਤਰ ਪ੍ਰੇਰਕ
ਦੇਵੀਗੜ੍ਹ, 16 ਜੁਲਾਈ
ਥਾਣਾ ਜੁਲਕਾਂ ਅਧੀਨ ਪਿੰਡ ਜਲਬੇੜਾ ਨੇੜੇ ਟ੍ਰੈਕਟਰ-ਟਰਾਲੀ ਅਤੇ ਸਕੂਟਰੀ ਦਰਮਿਆਨ ਟੱਕਰ ਕਾਰਨ ਵਾਪਰੇ ਹਾਦਸੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ ਇੱਕ ਜ਼ਖਮੀ ਹੋ ਗਿਆ ਹੈ। ਇਸ ਸਬੰਧੀ ਪੁਲੀਸ ਨੇ ਕੇਸ ਦਰਜ ਕਰ ਲਿਆ ਹੈ। ਪੁਲੀਸ ਅਨੁਸਾਰ ਸੰਜੂ ਪੁੱਤਰ ਅਮਰੀਕ ਸਿੰਘ ਵਾਸੀ ਸੌਂਟਾ ਜ਼ਿਲ੍ਹਾ ਪਟਿਆਲਾ ਨੇ ਥਾਣਾ ਜੁਲਕਾਂ ਕੋਲ ਸ਼ਿਕਾਇਤ ਦਰਜ ਕਰਵਾਈ ਹੈ ਕਿ ਜਦੋਂ ਉਹ ਆਪਣੇ ਪਿਤਾ ਨਾਲ ਸਕੂਟਰੀ (ਐੱਚਆਰ 41 ਐਫ-3106) ਉਪਰ ਪਿੰਡ ਜਲਬੇੜਾ ਨੇੜੇ ਜਾ ਰਹੇ ਸਨ ਤਾਂ ਇੱਕ ਟ੍ਰੈਕਟਰ-ਟਰਾਲੀ (ਐੱਚਆਰ 03 ਐਲ-6766) ਦੇ ਅਣਪਛਾਤੇ ਚਾਲਕ ਨੇ ਆਪਣਾ ਟ੍ਰੈਕਟਰ-ਟਰਾਲੀ ਤੇਜ਼ ਰਫਤਾਰ ਨਾਲ ਲਿਆ ਕੇ ਉਨ੍ਹਾਂ ਦੀ ਸਕੂਟਰੀ ਵਿੱਚ ਮਾਰ ਦਿੱਤੀ। ਥਾਣਾ ਜੁਲਕਾਂ ਦੀ ਪੁਲੀਸ ਨੇ ਅਣਪਛਾਤੇ ਚਲਾਕ ਖ਼ਿਲਾਫ਼ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।