ਨਵੀਂ ਦਿੱਲੀ:
ਮਨੀ ਲਾਂਡਰਿੰਗ ਕੇਸ ਦੇ ਸਬੰਧ ਵਿਚ ਦਿੱਲੀ ਦੀ ਤਿਹਾੜ ਜੇਲ੍ਹ ਵਿਚ ਬੰਦ ਭਾਰਤ ਰਾਸ਼ਟਰ ਸਮਿਤੀ (ਬੀਆਰਐੱਸ) ਆਗੂ ਕੇ. ਕਵਿਤਾ ਨੂੰ ਗਾਇਨੀ (ਮਹਿਲਾ ਰੋਗ) ਦੀ ਸਮੱਸਿਆ ਤੇ ਤੇਜ਼ ਬੁਖਾਰ ਮਗਰੋਂ ਦੀਨ ਦਿਆਲ ਉਪਾਧਿਆਏ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ। ਅਧਿਕਾਰੀਆਂ ਨੇ ਕਿਹਾ ਕਿ ਹਸਪਤਾਲ ਵਿਚ ਕੁਝ ਟੈਸਟ ਕਰਵਾਉਣ ਮਗਰੋਂ 46 ਸਾਲਾ ਬੀਆਰਐੱਸ ਆਗੂ ਨੂੰ ਵਾਪਸ ਜੇਲ੍ਹ ਭੇਜ ਦਿੱਤਾ ਗਿਆ ਹੈ। ਈਡੀ ਨੇ ਕਵਿਤਾ ਨੂੰ ਦਿੱਲੀ ਆਬਕਾਰੀ ਨੀਤੀ ਨਾਲ ਜੁੜੇ ਮਨੀ ਲਾਂਡਰਿੰਗ ਕੇਸ ਵਿਚ 15 ਮਾਰਚ ਨੂੰ ਉਸ ਦੀ ਹੈਦਰਾਬਾਦ ਵਿਚ ਬੰਜਾਰਾ ਹਿੱਲਜ਼ ਸਥਿਤ ਰਿਹਾਇਸ਼ ਤੋਂ ਗ੍ਰਿਫ਼ਤਾਰ ਕੀਤਾ ਸੀ। ਸੀਬੀਆਈ ਨੇ ਮਗਰੋਂ ਕਥਿਤ ਘੁਟਾਲੇ ਨਾਲ ਜੁੜੇ ਭ੍ਰਿਸ਼ਟਾਚਾਰ ਕੇਸ ਵਿਚ ਕਵਿਤਾ ਨੂੰ 11 ਅਪਰੈਲ ਨੂੰ ਤਿਹਾੜ ਜੇਲ੍ਹ ਵਿਚੋਂ ਗ੍ਰਿਫ਼ਤਾਰ ਕਰ ਲਿਆ ਸੀ। -ਪੀਟੀਆਈ