ਟ੍ਰਿਬਿਉੂਨ ਨਿਉੂਜ਼ ਸਰਵਿਸ
ਅੰਮ੍ਰਿਤਸਰ, 16 ਜੁਲਾਈ
ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਵਾਤਾਵਰਨ ਨੂੰ ਬਚਾਉਣ ਲਈ ਹਰਿਆਵਲ ਦਸਤੇ ਬਣਾਏ ਹਨ ਅਤੇ ਨੌਜਵਾਨਾਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਵੀ ਆਪਣੇ ਤੌਰ ’ਤੇ ਹਰਿਆਵਲ ਦਸਤੇ ਬਣਾ ਕੇ ਆਪਣੇ ਇਲਾਕੇ ਨੂੰ ਹਰਿਆ-ਭਰਿਆ ਬਣਾਉਣ। ਉਨ੍ਹਾਂ ਪਿੰਡ ਜੇਠੂਵਾਲ ਨੂੰ 250 ਬੂਟੇ ਦਿੱਤੇ ਅਤੇ ਹੋਰ ਬੂਟੇ ਲਗਾਉਣ ਦੀ ਅਪੀਲ ਕੀਤੀ।
ਸੰਸਦ ਮੈਂਬਰ ਨੇ ਕਿਹਾ ਕਿ ਬਾਲ ਸੇਵਕ ਸੁਸਾਇਟੀ ਪਿੰਡ ਜੇਠੂਵਾਲ ਦੇ ਨੌਜਵਾਨਾਂ ਨੇ ‘ਰੁੱਖ ਲਗਾਓ ਅਤੇ ਵਾਤਾਵਰਨ ਬਚਾਓ’ ਮੁਹਿੰਮ ਤਹਿਤ ਕੰਮ ਸ਼ੁਰੂ ਕੀਤਾ ਹੈ ਅਤੇ ਬੂਟੇ ਲਾਉਣ ਦਾ ਬੀੜਾ ਚੁੱਕਿਆ ਹੈ। ਪੰਚਾਇਤ ਦੇ ਸਹਿਯੋਗ ਨਾਲ ਪਿੰਡ ਵਿੱਚ ਬੂਟੇ ਲਗਾਏ ਜਾਣਗੇ ਅਤੇ ਉਨ੍ਹਾਂ ਦੀ ਦੇਖਭਾਲ ਕੀਤੀ ਜਾਵੇਗੀ।
ਉਨ੍ਹਾਂ ਦੱਸਿਆ ਕਿ ਇਸੇ ਤਹਿਤ ਉਨ੍ਹਾਂ ਨੂੰ 250 ਬੂਟੇ ਦਿੱਤੇ ਗਏ ਹਨ ਜੋ ਕਿ ਪਿੰਡ ਵਿੱਚ ਲਗਾਏ ਜਾਣਗੇ। ਸ੍ਰੀ ਔਜਲਾ ਨੇ ਲੋਕਾਂ ਨੂੰ ਰੁੱਖ ਲਗਾਉਣ ਦੀ ਅਪੀਲ ਕੀਤੀ ਤਾਂ ਜੋ ਵਾਤਾਵਰਨ ਨੂੰ ਬਚਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਉਮੀਦ ਹੈ ਕਿ ਹੁਣ ਜਦੋਂ ਨੌਜਵਾਨਾਂ ਨੇ ਇਸ ਕੰਮ ਦਾ ਬੀੜਾ ਚੁੱਕਿਆ ਹੈ ਤਾਂ ਹਰ ਪਾਸੇ ਹਰਿਆਲੀ ਹੋਵੇਗੀ।