ਮਿਆਮੀ ਗਾਰਡਨਜ਼, 16 ਜੁਲਾਈ
ਪੁਲੀਸ ਨੇ ਬੀਤੇ ਦਿਨ ਅਰਜਨਟੀਨਾ ਅਤੇ ਕੋਲੰਬੀਆ ਵਿਚਾਲੇ ਕੋਪਾ ਅਮਰੀਕਾ ਫਾਈਨਲ ’ਚ ਭੀੜ ’ਤੇ ਕਾਬੂ ਪਾਉਣ ਦੀ ਕੋਸ਼ਿਸ਼ ਦੌਰਾਨ ਕੋਲੰਬੀਆ ਫੁਟਬਾਲ ਫੈਡਰੇਸ਼ਨ ਦੇ ਪ੍ਰਧਾਨ ਅਤੇ ਉਨ੍ਹਾਂ ਦੇ ਪੁੱਤਰ ਸਣੇ 27 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਅਧਿਕਾਰੀ ਆਂਦਰੇ ਮਾਰਟਿਨ ਨੇ ਕਿਹਾ ਕਿ ਹਾਰਡ ਰੌਕ ਸਟੇਡੀਅਮ ’ਚ ਹੋਏ ਫਾਈਨਲ ਦੌਰਾਨ ਦਰਸ਼ਕਾਂ ਦੀ ਭੀੜ ’ਤੇ ਕਾਬੂ ਪਾਉਣ ਦੀ ਕੋਸ਼ਿਸ਼ ’ਚ ਰੈਮਨ ਜੇਸੁਰਨ ਅਤੇ ਉਨ੍ਹਾਂ ਦੇ ਪੁੱਤਰ ਰੈਮਨ ਜੈਮਿਲ ਜੇਸੁਰਨ ਨੂੰ ਵੀ ਹਿਰਾਸਤ ’ਚ ਲਿਆ ਗਿਆ ਹੈ। ਦੋਵਾਂ ਨੇ ਸੁਰੱਖਿਆ ਕਰਮੀਆਂ ਨਾਲ ਝਗੜਾ ਕੀਤਾ ਅਤੇ ਇੱਕ ਅਧਿਕਾਰੀ ’ਤੇ ਹਮਲਾ ਵੀ ਕੀਤਾ। ਕੋਲੰਬੀਆ ਫੁਟਬਾਲ ਫੈਡਰੇਸ਼ਨ ਨੇ ਇਸ ਬਾਰੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ। -ਏਪੀ