ਪੱਤਰ ਪ੍ਰੇਰਕ
ਏਲਨਾਬਾਦ, 16 ਜੁਲਾਈ
ਪਿੰਡ ਨੀਮਲਾ ਦੇ ਰਹਿਣ ਵਾਲੇ ਸ਼ਰਾਬ ਦੇ ਠੇਕੇਦਾਰ ਰਾਜਿੰਦਰ ਉਰਫ਼ ਰਾਜੂ ਦੇ ਕਤਲ ਮਾਮਲੇ ਵਿੱਚ ਪੁਲੀਸ ਨੇ ਅੱਜ ਮੁੱਖ ਮੁਲਜ਼ਮ ਪਵਨ ਸਮੇਤ ਤਿੰਨ ਹੋਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਏਲਨਾਬਾਦ ਦੇ ਡੀਐਸਪੀ ਸੰਜੀਵ ਬਲਹਾਰਾ ਨੇ ਦੱਸਿਆ ਕਿ ਮੁਲਜ਼ਮਾਂ ਦੀ ਪਛਾਣ ਪਵਨ ਕੁਮਾਰ ਪੁੱਤਰ ਜਗਦੀਸ਼ ਵਾਸੀ ਪੰਨੀਵਾਲਾ ਮੋਟਾ, ਜਗਤਾਰ ਸਿੰਘ ਪੁੱਤਰ ਗੁਰਨਾਮ ਸਿੰਘ ਅਤੇ ਹਰਜਿੰਦਰ ਉਰਫ਼ ਬਿੰਦਰ ਪੁੱਤਰ ਗੁਰਚਰਨ ਸਿੰਘ ਵਾਸੀ ਪਿੰਡ ਰਘੂਆਣਾ (ਸਿਰਸਾ) ਵਜੋਂ ਹੋਈ ਹੈ। ਡੀਐਸਪੀ ਸੰਜੀਵ ਬਲਹਾਰਾ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਤਿੰਨਾਂ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਨ ਮਗਰੋਂ ਪਵਨ ਅਤੇ ਜਗਤਾਰ ਨੂੰ ਇੱਕ ਦਿਨ ਦੇ ਪੁਲੀਸ ਰਿਮਾਂਡ ਤੇ ਲਿਆ ਗਿਆ ਹੈ ਜਦੋਂਕਿ ਹਰਜਿੰਦਰ ਉਰਫ਼ ਬਿੰਦਰ ਨੂੰ ਨਿਆਂਇਕ ਹਿਰਾਸਤ ਵਿੱਚ ਸਿਰਸਾ ਜੇਲ੍ਹ ਭੇਜ ਦਿੱਤਾ ਗਿਆ ਹੈ।