ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 16 ਜੁਲਾਈ
ਗਾਇਕ ਤੇ ਗੀਤਕਾਰ ਬੱਬੂ ਮਾਨ ਨੇੜਲੇ ਪਿੰਡ ਲੱਖਾ ਵਿੱਚ ਦਰਸ਼ਨ ਲੱਖੇਵਾਲੇ ਦੇ ਘਰ ਪਹੁੰਚੇ। ਮਾਨ ਨੇ ਲੱਖੇਵਾਲ ਦੇ ਪਿਤਾ ਦੇ ਅਕਾਲ ਚਲਾਣੇ ’ਤੇ ਦੁੱਖ ਪ੍ਰਗਟ ਕੀਤਾ। ਜ਼ਿਕਰਯੋਗ ਹੈ ਕਿ ਸਾਧਾਰਨ ਤੇ ਗਰੀਬ ਪਰਿਵਾਰ ਦੇ ਮੈਂਬਰ ਦਰਸ਼ਨ ਲੱਖੇਵਾਲੇ ਨੇ ਸੱਤ ਕੁ ਸਾਲ ਪਹਿਲਾਂ ਸੋਸ਼ਲ ਮੀਡੀਆ ’ਤੇ ਆਪਣਾ ਲਿਖਿਆ ਗਾਣਾ ਖੁਦ ਗਾ ਕੇ ਪਾਇਆ ਸੀ। ਇਸ ਨੂੰ ਬੱਬੂ ਮਾਨ ਨੇ ਸ਼ੇਅਰ ਕਰਕੇ ਉਸ ਦੀ ਹੌਸਲਾ-ਅਫਜ਼ਾਈ ਕੀਤੀ ਜਿਸ ਨਾਲ ਉਸ ਦੀ ਪਛਾਣ ਬਣ ਗਈ। ਇੰਨਾ ਹੀ ਨਹੀਂ ਉਦੋਂ ਬੱਬੂ ਮਾਨ ਨੇ ਸੁਨੇਹਾ ਭੇਜ ਕੇ ਲੱਖੇਵਾਲਾ ਨੂੰ ਲੱਭਿਆ ਅਤੇ ਉਸ ਦੇ ਕੁਝ ਗਾਣੇ ਰਿਕਾਰਡ ਕੀਤੇ। ਬੱਬੂ ਮਾਨ ਅੱਜ ਆਪਣੀ ਟੀਮ ਨਾਲ ਲੱਖੇਵਾਲੇ ਦੇ ਘਰ ਕਰੀਬ ਦੋ ਘੰਟੇ ਰੁਕੇ। ਇਸ ਮੌਕੇ ਮੈਨੇਜਰ ਮੁਨੀਸ਼, ਢਾਡੀ ਜਸਵੰਤ ਸਿੰਘ ਦੀਵਾਨਾ, ਬਬਲਾ ਖੰਟ, ਲੇਖਕ ਅਜੀਤ ਸਿੰਘ ਅਖਾੜਾ, ਨੰਬਰਦਾਰ ਰੇਸ਼ਮ ਸਿੰਘ ਮੌਜੂਦ ਸਨ।